ਸੰਗਰੂਰ, 8 ਮਈ (ਅਮਨਦੀਪ ਸਿੰਘ ਬਿੱਟਾ) - ਭਾਰਤੀ ਕਿਸਾਨ ਯੂਨੀਅਨ ਡਕੌਦਾ ਨੇ ਸੰਗਰੂਰ ਸੈਂਟਰਲ ਕੋਆਪਰੇਟਿਵ ਬੈਂਕ ਅੱਗੇ ਰੋਸ ਪ੍ਰਦਰਸ਼ਨ ਕਰਦਿਆਂ ਬੈਂਕ ਦਾ ਘਿਰਾਓ ਵੀ ਕੀਤਾ | ਰੋਸ ਪ੍ਰਦਰਸ਼ਨ ਦੀ ਅਗਵਾਈ ਸੂਬਾ ਮੀਤ ਪ੍ਰਧਾਨ ਗੁਰਮੀਤ ਸਿੰਘ ਭੱਟੀਵਾਲ ਨੇ ਕਰਦਿਆਂ ਕਿਹਾ ਕਿ ਅੱਜ ਦੇ ਇਸ ਪ੍ਰਦਰਸ਼ਨ ਵਿੱਚ ਕੋਆਪਰੇਟਿਵ ਸੁਸਾਇਟੀਆਂ ਦੇ ਸੈਕਟਰੀਆਂ ਨੇ ਵੀ ਵੱਡੀ ਪੱਧਰ ਉੱਤੇ ਸ਼ਮੂਲੀਅਤ ਕੀਤੀ | ਉਨ੍ਹਾਂ ਕਿਹਾ ਕਿ ਬੈਂਕਾਂ ਦੇ ਉੱਚ ਅਧਿਕਾਰੀਆਂ ਦੇ ਕਿਸਾਨ ਵਿਰੋਧੀ ਰੱਵਈਏ ਕਾਰਨ ਪੰਜਾਬ ਸਰਕਾਰ ਨੇ ਵਧਾਏ ਗਏ ਹੱਦ ਕਰਜ਼ੇ ਦੇਣ ਤੋਂ ਹੱਥ ਖਿੱਚਦਿਆਂ ਵਧੇ ਹੋਏ ਹੱਦ ਕਰਜ਼ੇ ਜਾਰੀ ਕਰਨ ਵਾਲਾ ਪੱਤਰ ਵੀ ਵਾਪਸ ਲੈ ਲਿਆ ਹੈ ਜੋ ਕਿਸਾਨ ਵਿਰੋਧੀ ਹੈ | ਸੂਬਾ ਪੈੱ੍ਰਸ ਸਕੱਤਰ ਇੰਦਰਪਾਲ ਸਿੰਘ ਨੇ ਕਿਹਾ ਕਿ ਸਹਿਕਾਰੀ ਬੈਂਕਾਂ ਦੇ ਉੱਚ ਅਧਿਕਾਰੀ ਰਜਿਸਟਰਾਰ ਦੇ ਹੁਕਮਾਂ ਨੂੰ ਟਿੱਚ ਸਮਝਦੇ ਹਨ ਅਤੇ ਆਪਣੇ ਤੌਰ ਉੱਤੇ ਬਲਾਕ ਪੱਧਰ ਦੇ ਬੈਂਕ ਨੂੰ ਜ਼ੁਬਾਨੀ ਕਿਸਾਨ ਮਾਰੂ ਹੁਕਮ ਦਿੰਦੇ ਹਨ ਜਿਵੇਂ ਕਿ ਨਵੇਂ ਮੈਂਬਰਾਂ ਉੱਤੇ ਰੋਕ ਲਗਾ ਦਿੰਦੇ ਹਨ ਜਦ ਕਿ ਉੱਪਰਲੇ ਅਧਿਕਾਰੀਆਂ ਵੱਲੋਂ ਅਜਿਹੇ ਕੋਈ ਹੁਕਮ ਨਹੀ ਦਿੱਤੇ ਗਏ | ਸਤਨਾਮ ਸਿੰਘ ਕਿਲਾ ਭਰੀਆ ਨੇ ਕਿਹਾ ਕਿ ਜੇ ਹੱਦ ਕਰਜ਼ਾ ਵਧਾਉਣ ਦਾ ਹੁਕਮ ਨਹੀਂ ਹੁੰਦਾ ਤਾਂ ਆਉਣ ਵਾਲੇ ਦਿਨਾਂ ਵਿੱਚ ਸੰਘਰਸ਼ ਹੋਰ ਤਿੱਖਾ ਹੋਵੇਗਾ | ਇਸ ਮੌਕੇ ਦਰਸ਼ਨ ਸਿੰਘ ਉੱਗੋਕੇ ਬਰਨਾਲਾ, ਸਿੰਕਦਰ ਸਿੰਘ ਭੂਰੇ, ਨਾਜਮ ਸਿੰਘ ਪੁੰਨਾਵਾਲ, ਬਿੰਦਰਪਾਲ ਛਾਜਲੀ ਮੌਜੂਦ ਸਨ |