ਸੰਗਰੂਰ, 8 ਮਈ (ਅਮਨਦੀਪ ਸਿੰਘ ਬਿੱਟਾ) - ਸਾਬਕਾ ਕੈਬਨਿਟ ਮੰਤਰੀ ਅਤੇ ਕੁੱਲ ਹਿੰਦ ਕਾਂਗਰਸ ਦੇ ਖ਼ਜ਼ਾਨਚੀ ਸ੍ਰੀ ਵਿਜੈਇੰਦਰ ਸਿੰਗਲਾ ਨੇ ਬੱਗੂਆਣਾ ਬਸਤੀ ਸੰਗਰੂਰ ਵਿਖੇ ਇਕੱਤਰਤਾ ਨੰੂ ਸੰਬੋਧਨ ਕਰਦਿਆਂ ਕਿਹਾ ਕਿ ਇਸ ਵੇਲੇ ਸਭ ਤੋਂ ਪ੍ਰਮੁੱਖ ਗੱਲ ਕਾਂਗਰਸੀ ਵਰਕਰਾਂ ਨੰੂ ਬੂਥ ਪੱਧਰ ਤੱਕ ਪਹਿਰਾ ਦੇਣ ਦੀ ਲੋੜ ਹੈ ਤਾਂ ਜੋ 2027 ਦੀ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਬਨਾਈ ਜਾਵੇ | ਬੱਗੂਆਣਾ ਸੋਸ਼ਲ ਵੈੱਲਫੇਅਰ ਕਮੇਟੀ ਦੇ ਆਗੂ ਭੁਪਿੰਦਰ ਸ਼ਰਮਾ ਵੱਲੋਂ ਕਰਵਾਏ ਇਸ ਸਮਾਰੋਹ ਦੌਰਾਨ ਵਿਜੈਇੰਦਰ ਸਿੰਗਲਾ ਨੇ ਕਿਹਾ ਕਿ ਅਕਾਲੀ ਦਲ, ਭਾਜਪਾ ਤੋਂ ਨਿਰਾਸ਼ ਪੰਜਾਬ ਦੀ ਜਨਤਾ ਨੇ 2022 ਦੀ ਵਿਧਾਨ ਸਭਾ ਚੋਣਾਂ ਵਿੱਚ ਆਪ ਪਾਰਟੀ ਨੰੂ ਇਸ ਕਾਰਨ ਫ਼ਤਵਾ ਦਿੱਤਾ ਸੀ ਕਿ ਇਹ ਪਾਰਟੀ ਪੰਜਾਬ ਦੇ ਹਿਤਾਂ ਦੀ ਰਾਖੀ ਕਰੇਗੀ ਅਤੇ ਰਾਜ ਦੇ ਮਸਲਿਆਂ ਦਾ ਹੱਲ ਕੱਢੇਗੀ ਪਰ ਇਸ ਸਰਕਾਰ ਨੇ ਸਾਢੇ ਚਾਰ ਸਾਲ ਦੇ ਰਾਜ ਦੌਰਾਨ ਪੰਜਾਬੀਆਂ ਨੰੂ ਕੇਵਲ ਨਿਰਾਸ਼ ਹੀ ਕੀਤਾ ਹੈ | ਪੰਜਾਬ ਸਰਕਾਰ ਦੇ ਹਰ ਫ਼ਰੰਟ ਉੱਤੇ ਫ਼ੇਲ੍ਹ ਹੋਣ ਦੀ ਗੱਲ ਕਰਦਿਆਂ ਸਿੰਗਲਾ ਨੇ ਕਿਹਾ ਕਿ ਇਸ ਵੇਲੇ ਪੰਜਾਬੀਆਂ ਲਈ ਆਸ ਦੀ ਕਿਰਨ ਕੇਵਲ ਕਾਂਗਰਸ ਪਾਰਟੀ ਹੀ ਹੈ ਅਤੇ ਕੇਰਲਾ ਦੇ ਆਏ ਸ਼ਾਨਦਾਰ ਨਤੀਜਿਆਂ ਉਪਰੰਤ ਹੁਣ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਬਣਨਾ ਤੈਅ ਹੈ | ਬਲਾਕ ਪ੍ਰਧਾਨ ਰੌਕੀ ਬਾਂਸਲ ਨੇ ਕਿਹਾ ਕਿ ਪੂਰੇ ਪੰਜਾਬ ਵਿਚੋਂ ਸਭ ਤੋਂ ਵੱਡੀ ਲੀਡ ਕਾਂਗਰਸ ਪਾਰਟੀ ਦੀ ਸੰਗਰੂਰ ਤੋਂ ਹੀ ਰਹੇਗੀ ਅਤੇ ਵਿਕਾਸ ਪੁਰਸ਼ ਵਜੋਂ ਸ੍ਰੀ ਵਿਜੈਇੰਦਰ ਸਿੰਗਲਾ ਦੇ ਨਾਮ ਉੱਤੇ ਸੰਗਰੂਰ ਦੀ ਜਨਤਾ ਮੋਹਰ ਲਗਾਏਗੀ | ਇਸ ਮੌਕੇ ਸੇਵਾ ਮੁਕਤ ਇੰਸਪੈਕਟਰ ਬਲਕਾਰ ਸਿੰਘ, ਤੇਜ ਰਾਮ, ਸ਼ਮਸ਼ੇਰ ਸਿੰਘ, ਦਰਸ਼ਨ ਸਿੰਘ, ਹਰਦੀਪ ਸਿੰਘ, ਸੁਖਵਿੰਦਰ ਸਿੰਘ ਨਿੱਕੂ, ਮਹਿੰਦਰਜੀਤ ਸਿੰਘ, ਮਨਦੀਪ ਸਿੰਘ ਲਾਡੀ ਅਤੇ ਮਹਿੰਦਰ ਸਿੰਘ ਹਾਜ਼ਰ ਸਨ | ਸਾਬਕਾ ਚੇਅਰਮੈਨ ਸੁਭਾਸ਼ ਗਰੋਵਰ ਨੇ ਵੀ ਇਸ ਮੌਕੇ ਵਿਚਾਰ ਰੱਖੇ |