ਧੂਰੀ, 8 ਮਈ (ਲਹਿਰੀ, ਧਾਂਦਰਾ, ਭੁੱਲਰ) - ਪੰਜਾਬ ਸਰਕਾਰ ਦੀ ਲੋਕ-ਭਲਾਈ ਪ੍ਰਤੀ ਵਚਨਬੱਧਤਾ ਨੂੰ ਦੁਹਰਾਉਂਦੇ ਹੋਏ ਹਲਕਾ ਧੂਰੀ ਵਿੱਚ ਅੱਜ ਇੱਕ ਸਮਾਗਮ ਦੌਰਾਨ ਓ.ਐਸ.ਡੀ. ਸੁਖਵੀਰ ਸਿੰਘ ਵੱਲੋਂ 60 ਲੋੜਵੰਦ ਪਰਿਵਾਰਾਂ ਨੂੰ ਕੁੱਲ 20.40 ਲੱਖ ਰੁਪਏ ਦੀ ਆਰਥਿਕ ਸਹਾਇਤਾ ਦੇ ਚੈੱਕ ਵੰਡੇ ਗਏ | ਇਹ ਸਹਾਇਤਾ ਰਕਮ ਮੁੱਖ ਮੰਤਰੀ ਰਾਹਤ ਕੋਸ਼ ਫ਼ੰਡ ਵਿੱਚੋਂ ਜ਼ਰੂਰਤਮੰਦ, ਗਰੀਬ ਅਤੇ ਮੁਸੀਬਤਾਂ ਦਾ ਸਾਹਮਣਾ ਕਰ ਰਹੇ ਪਰਿਵਾਰਾਂ ਨੂੰ ਪ੍ਰਦਾਨ ਕੀਤੀ ਗਈ | ਚੈੱਕ ਵੰਡ ਸਮਾਰੋਹ ਦੌਰਾਨ ਓ.ਐਸ.ਡੀ. ਸੁਖਵੀਰ ਸਿੰਘ ਨੇ ਲਾਭਪਾਤਰੀਆਂ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਦੀਆਂ ਸਮੱਸਿਆਵਾਂ ਬਾਰੇ ਜਾਣਕਾਰੀ ਲਈ ਅਤੇ ਭਰੋਸਾ ਦਿਵਾਇਆ ਕਿ ਪੰਜਾਬ ਸਰਕਾਰ ਹਰ ਵਰਗ ਦੇ ਲੋਕਾਂ ਦੀ ਭਲਾਈ ਲਈ ਸੰਵੇਦਨਸ਼ੀਲ ਤਰੀਕੇ ਨਾਲ ਕੰਮ ਕਰ ਰਹੀ ਹੈ | ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਰਾਹਤ ਕੋਸ਼ ਫ਼ੰਡ ਉਨ੍ਹਾਂ ਪਰਿਵਾਰਾਂ ਲਈ ਜੀਵਨ ਰੇਖਾ ਵਜੋਂ ਸਾਬਤ ਹੋ ਰਿਹਾ ਹੈ, ਜੋ ਅਚਾਨਕ ਆਈਆਂ ਮੁਸੀਬਤਾਂ ਜਾਂ ਆਰਥਿਕ ਸੰਕਟ ਦਾ ਸਾਹਮਣਾ ਕਰਦੇ ਹਨ | ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਉਪਰਾਲੇ ਸਮਾਜ ਵਿੱਚ ਭਰੋਸਾ ਪੈਦਾ ਕਰਦੇ ਹਨ ਅਤੇ ਸਰਕਾਰ ਤੇ ਲੋਕਾਂ ਵਿਚਕਾਰ ਨਜ਼ਦੀਕੀ ਨੂੰ ਮਜ਼ਬੂਤ ਕਰਦੇ ਹਨ | ਸੁਖਵੀਰ ਸਿੰਘ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਨੂੰ ਇਸ ਤਰ੍ਹਾਂ ਦੀ ਸਹਾਇਤਾ ਦੀ ਲੋੜ ਹੈ, ਤਾਂ ਉਹ ਬਿਨਾਂ ਐਸ.ਡੀ.ਐਮ. ਦਫ਼ਤਰ ਨਾਲ ਸੰਪਰਕ ਕਰ ਕੇ ਮੁੱਖ ਮੰਤਰੀ ਰਾਹਤ ਕੋਸ਼ ਫ਼ੰਡ ਦੀਆਂ ਸਕੀਮਾਂ ਦਾ ਲਾਭ ਲੈ ਸਕਦੇ ਹਨ | ਇਸ ਮੌਕੇ ਐਸ.ਡੀ.ਐਮ. ਡਾ. ਇਸਮਤ ਵਿਜੈ ਸਿੰਘ, ਸੀ.ਐਮ.ਐਫ.ਓ. ਡਾ. ਅਰਵਿੰਦ ਕੁਮਾਰ, ਵਕਫ਼ ਬੋਰਡ ਮੈਂਬਰ ਡਾ. ਅਨਵਰ ਭਸੌੜ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਹਰਜਿੰਦਰ ਸਿੰਘ ਕਾਂਝਲਾ, ਪੰਜਾਬ ਲਘੂ ਉਦਯੋਗ ਤੇ ਨਿਰਯਾਤ ਨਿਗਮ ਦੇ ਡਾਇਰੈਕਟਰ ਅਨਿਲ ਮਿੱਤਲ, ਰਮਨਦੀਪ ਸਿੰਘ, ਡਾਇਰੈਕਟਰ ਪੁਸ਼ਪਿੰਦਰ ਸ਼ਰਮਾ ਅਤੇ ਬਲਾਕ ਪ੍ਰਧਾਨ ਨਰੇਸ਼ ਸਿੰਗਲਾ ਸਮੇਤ ਹੋਰ ਪਤਵੰਤੇ ਵਿਅਕਤੀ ਵੀ ਹਾਜ਼ਰ ਸਨ |