ਭਵਾਨੀਗੜ੍ਹ, 25 ਮਈ (ਰਣਧੀਰ ਸਿੰਘ ਫੱਗੂਵਾਲਾ, ਲਖਵਿੰਦਰ ਪਾਲ ਗਰਗ) - ਸਥਾਨਕ ਸ਼ਹਿਰ ਵਿਖੇ ਨਗਰ ਕੌਂਸਲ ਦੀਆਂ ਹੋ ਰਹੀਆਂ ਚੋਣਾਂ 'ਚ ਉਮੀਦਵਾਰਾਂ ਦੀ ਜਿੱਤ ਹਾਰ ਉਨ੍ਹਾਂ ਦੇ ਸਿਆਸੀ ਅਕਾਵਾਂ ਦੀ ਆਗਾਮੀ ਵਿਧਾਨ ਸਭਾ ਚੋਣਾਂ ਲਈ ਸਿਆਸੀ ਪਾਰੀ ਦਾ ਫ਼ੈਸਲਾ ਕਰੇਗੀ | ਸ਼ਹਿਰ ਦੇ 15 ਵਾਰਡਾਂ 'ਤੇ ਹੋ ਰਹੀਆਂ ਚੋਣਾਂ 'ਚ ਆਪ, ਸ਼ੋ੍ਰਮਣੀ ਅਕਾਲੀ ਦਲ, ਕਾਂਗਰਸ ਸਾਰੇ ਵਾਰਡਾਂ , ਭਾਜਪਾ 14 ਵਾਰਡਾਂ ਅਤੇ ਬਸਪਾ ਇਕ ਵਾਰਡ 'ਤੇ ਚੋਣ ਲੜ ਰਹੀ ਹੈ | ਇਨ੍ਹਾਂ ਚੋਣਾਂ ਵਿਚ ਆਪ ਦੀ ਵਿਧਾਇਕਾ ਨਰਿੰਦਰ ਕੌਰ ਭਰਾਜ, ਚੇਅਰਮੈਨ ਮਿੰਕੂ ਜਵੰਧਾ, ਚੇਅਰਮੈਨ ਗੁਰਮੇਲ ਸਿੰਘ ਘਰਾਚੋਂ ਤੋਂ ਇਲਾਵਾ ਵਿੱਤ ਮੰਤਰੀ ਹਰਪਾਲ ਸਿੰਘ ਚੀਮਾਂ, ਕੈਬਨਿਟ ਮੰਤਰੀ ਵਰਿੰਦਰ ਗੋਇਲ, ਚੇਅਰਮੈਨ ਅਵਤਾਰ ਸਿੰਘ ਈਲਵਾਲ ਅਤੇ ਹੋਰ ਆਗੂਆਂ, ਕਾਂਗਰਸ ਦੇ ਸਾਬਕਾ ਕੈਬਨਿਟ ਮੰਤਰੀ ਵਿਜੈ ਇੰਦਰ ਸਿੰਗਲਾ, ਸ਼ੋ੍ਰਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ਼ ਅਰਵਿੰਦ ਖੰਨਾ, ਜ਼ਿਲ੍ਹਾ ਪ੍ਰਧਾਨ ਤੇਜਿੰਦਰ ਸਿੰਘ ਸੰਘਰੇੜੀ ਅਤੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸਰਜੀਵਨ ਜਿੰਦਲ, ਚੋਣ ਇੰਚਾਰਜ਼ ਵਿਨੋਦ ਕੁਮਾਰ, ਮੰਡਲ ਪ੍ਰਧਾਨ ਲਛਮਣ ਸੱਚਦੇਵਾ, ਪਰਮਜੀਤ ਸ਼ਰਮਾ, ਗੁਰਤੇਜ ਸਿੰਘ ਝਨੇੜੀ ਅਤੇ ਹੋਰ ਆਗੂਆਂ ਤੋਂ ਇਲਾਵਾ ਕੇਂਦਰੀ ਰਾਜ ਰੇਲ ਮੰਤਰੀ ਰਵਨੀਤ ਸਿੰਘ ਬਿੱਟੂ ਵਲੋਂ ਵਿਸ਼ੇਸ਼ ਤੌਰ 'ਤੇ ਆਪਣੇ ਉਮੀਦਵਾਰਾਂ ਨੂੰ ਜਿਤਾਉਣ ਲਈ ਚੋਣ ਮੀਟਿੰਗਾਂ ਕਰਦਿਆਂ ਵੋਟਰਾਂ ਨੂੰ ਵੋਟਾਂ ਪਾਉਣ ਲਈ ਉਤਸ਼ਾਹਿਤ ਕੀਤਾ ਹੈ | ਸੱਤਾਧਾਰੀ ਆਮ ਆਦਮੀ ਪਾਰਟੀ ਇਨ੍ਹਾਂ ਚੋਣਾਂ ਵਿਚ ਸ਼ਹਿਰ ਅਤੇ ਪੰਜਾਬ ਦੇ ਵਿਕਾਸ ਦੇ ਦਾਅਵੇ ਕਰਕੇ ਵੋਟਾਂ ਮੰਗ ਰਹੀ ਹੈ, ਦੀ ਜਿੱਤ-ਹਾਰ ਉਨ੍ਹਾਂ ਦੀ ਪਾਰਟੀ ਦਾ ਵਿਧਾਨ ਸਭਾ ਚੋਣਾਂ ਵਿਚ ਭਵਿੱਖ ਤਹਿ ਕਰੇਗੀ | ਕਾਂਗਰਸ ਪਾਰਟੀ ਵਲੋਂ ਇਨ੍ਹਾਂ ਚੋਣਾਂ ਵਿਚ ਪਿਛਲੀ ਵਾਰ ਭਾਰੀ ਬਹੁਮਤ ਹਾਸਿਲ ਕੀਤੀ ਸੀ, ਜਿਸ ਨੂੰ ਬਰਕਰਾਰ ਰੱਖਣ ਲਈ ਅੱਡੀ ਚੋਟੀ ਦਾ ਜੋਰ ਲਗਾਇਆ ਜਾ ਰਿਹਾ ਹੈ | ਸ਼ੋ੍ਰਮਣੀ ਅਕਾਲੀ ਦਲ ਦਾ ਪਿਛਲੀ ਵਾਰ ਸਿਰਫ਼ ਇਕ ਹੀ ਕੌਂਸਲਰ ਸੀ, ਦਲ ਦੇ ਆਗੂਆਂ ਵਲੋਂ ਪਾਰਟੀ ਦਾ ਭਵਿੱਖ ਬਣਾਉਣ ਲਈ ਮਿਹਨਤ ਕੀਤੀ ਜਾ ਰਹੀ ਹੈ | ਭਾਜਪਾ ਇਨ੍ਹਾਂ ਚੋਣਾਂ ਰਾਹੀਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਆਪਣਾ ਖ਼ਾਤਾ ਖੋਹਲਣ ਦੇ ਦਾਅ ਪੇਚ ਲੜਾ ਰਹੀ ਹੈ, ਜਦੋਂ ਕਿ ਬਸਪਾ ਦਾ ਇਕ ਉਮੀਦਵਾਰ ਆਪਣੀ ਪਾਰਟੀ ਦੀ ਹਾਜ਼ਰੀ ਲਗਵਾਉਣ ਲਈ ਚੋਣ ਲੜ ਰਿਹਾ ਹੈ |