ਸੰਗਰੂਰ, 11 ਜੁਲਾਈ (ਸੁਖਵਿੰਦਰ ਸਿੰਘ ਫੁੱਲ) - ਮਹਾਨ ਤਪੱਸਵੀ ਅਤੇ ਵਿੱਦਿਆ ਦਾਨੀ ਸੰਤ ਅਤਰ ਸਿੰਘ ਮਹਾਰਾਜ ਦੀ ਆ ਰਹੀ 100 ਸਾਲਾ ਬਰਸੀ ਸ਼ਤਾਬਦੀ ਸਮਾਗਮਾਂ ਨੂੰ ਪੂਰੀ ਸ਼ਰਧਾ, ਭਾਵਨਾ ਅਤੇ ਵਿਸ਼ਾਲ ਪੱਧਰ ’ਤੇ ਮਨਾਉਣ ਲਈ ਤਿਆਰੀਆਂ ਜੋਰਾਂ-ਸੋਰਾਂ ’ਤੇ ਹਨ। ਇਸੇ ਸਬੰਧ ਵਿੱਚ ਅਕਾਲ ਕਾਲਜ ਕੌਂਸਲ ਮਸਤੂਆਣਾ ਸਾਹਿਬ ਦੇ ਸਕੱਤਰ ਸ੍ਰ. ਜਸਵੰਤ ਸਿੰਘ ਖਹਿਰਾ ਦੀ ਪ੍ਰਧਾਨਗੀ ਹੇਠ ਇੱਕ ਵਿਸ਼ੇਸ਼ ਅਤੇ ਅਹਿਮ ਮੀਟਿੰਗ ਗੁਰਦੁਆਰਾ ਗੁਰਸਾਗਰ ਝੀਲ ਚੰਡੀਗੜ੍ਹ ਦੇ ਮੁੱਖੀ ਸੰਤ ਬਾਬਾ ਪ੍ਰਿਤਪਾਲ ਸਿੰਘ ਅਤੇ ਗੁਰਦੁਆਰਾ ਟਰੱਸਟ ਦੀ ਸਮੂਚੀ ਟੀਮ ਨਾਲ ਹੋਈ। ਇਸ ਉੱਚ ਪੱਧਰੀ ਮੀਟਿੰਗ ਦੌਰਾਨ ਸ਼ਤਾਬਦੀ ਸਮਾਗਮਾਂ ਦੀ ਰੂਪ-ਰੇਖਾ ਉਲੀਕਣ ਅਤੇ ਪ੍ਰਬੰਧਾਂ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਗੰਭੀਰ ਵਿਚਾਰ-ਵਟਾਂਦਰਾ ਕੀਤਾ ਗਿਆ। ਸੰਤ ਬਾਬਾ ਪ੍ਰਿਤਪਾਲ ਸਿੰਘ ਨੇ ਅਕਾਲ ਕਾਲਜ ਕੌਂਸਲ ਦੀ ਟੀਮ ਦਾ ਸੁਆਗਤ ਕਰਦਿਆਂ ਭਰੋਸਾ ਦਿਵਾਇਆ ਕਿ ਇਸ ਮਹਾਨ ਸ਼ਤਾਬਦੀ ਸਮਾਗਮ ਲਈ ਚੰਡੀਗੜ੍ਹ ਦੀ ਪ੍ਰਬੰਧਕੀ ਟੀਮ ਅਤੇ ਸੰਗਤਾਂ ਵੱਲੋਂ ਤਨ-ਮਨ-ਧਨ ਨਾਲ ਪੂਰਨ ਸਹਿਯੋਗ ਦਿੱਤਾ ਜਾਵੇਗਾ। ਅਕਾਲ ਕਾਲਜ ਕੌਂਸਲ ਦੇ ਸਕੱਤਰ ਸ੍ਰ. ਜਸਵੰਤ ਸਿੰਘ ਖਹਿਰਾ ਨੇ ਦੱਸਿਆ ਕਿ ਸੰਤ ਅਤਰ ਸਿੰਘ ਦੀ 100 ਸਾਲਾ ਬਰਸੀ ਸਬੰਧੀ ਕੌਂਸਲ ਵੱਲੋਂ ਵੱਡੇ ਪੱਧਰ ’ਤੇ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸੰਤ ਅਤਰ ਸਿੰਘ ਮਹਾਰਾਜ ਨੇ ਜਿੱਥੇ ਨਾਮ-ਬਾਣੀ ਦਾ ਪ੍ਰਚਾਰ ਕਰਕੇ ਲੱਖਾਂ ਪ੍ਰਾਣੀਆਂ ਨੂੰ ਅੰਮ੍ਰਿਤ ਛਕਾ ਕੇ ਗੁਰੂ ਲੜ ਲਾਇਆ, ਉੱਥੇ ਹੀ ਉਨ੍ਹਾਂ ਨੇ ਇਲਾਕੇ ਵਿੱਚ ਵਿੱਦਿਆ ਦਾ ਦੀਵਾ ਬਾਲ ਕੇ ਮਹਾਨ ਪਰਉਪਕਾਰ ਕੀਤਾ ਹੈ। ਉਨ੍ਹਾਂ ਦੀ ਇਸ 100 ਸਾਲਾ ਬਰਸੀ ਸ਼ਤਾਬਦੀ ਨੂੰ ਇਤਿਹਾਸਕ ਬਣਾਉਣ ਲਈ ਅਕਾਲ ਕਾਲਜ ਕੌਂਸਲ ਵਲੋਂ ਵੱਖ-ਵੱਖ ਧਾਰਮਿਕ, ਵਿੱਦਿਅਕ ਅਤੇ ਸਮਾਜਿਕ ਸਮਾਗਮਾਂ ਦੀ ਲੜੀ ਉਲੀਕੀ ਜਾ ਰਹੀ ਹੈ। ਇਸ ਮੀਟਿੰਗ ਵਿੱਚ ਅਕਾਲ ਕਾਲਜ ਕੌਂਸਲ ਦੇ ਹੋਰ ਅਹੁਦੇਦਾਰ ਹਰਜੀਤ ਸਿੰਘ ਸਜੂਮਾਂ, ਗਮਦੂਰ ਸਿੰਘ ਬਹਾਦਰਪੁਰ, ਗੁਰਜੰਟ ਸਿੰਘ ਦੁੱਗਾਂ, ਸਿਆਸਤ ਸਿੰਘ ਦੁੱਗਾਂ, ਹਾਕਮ ਸਿੰਘ ਬਹਾਦਰਪੁਰ, ਡਾ. ਗੁਰਬੀਰ ਸਿੰਘ ਸੋਹੀ, ਪ੍ਰਿੰ. ਰਾਜਵਿੰਦਰ ਪਾਲ ਸਿੰਘ, ਧਾਰਮਿਕ ਸਖਸ਼ੀਅਤਾਂ ਵਿੱਚ ਬਾਬਾ ਬਲਜੀਤ ਸਿੰਘ ਫੱਕਰ, ਬਾਬਾ ਜਗਰੂਪ ਸਿੰਘ ਕੱਟੂ, ਭਾਈ ਅਵਤਾਰ ਸਿੰਘ ਹਜੂਰੀ ਰਾਗੀ, ਭਾਈ ਅੰਮ੍ਰਿਤਪਾਲ ਸਿੰਘ ਅਤੇ ਇਲਾਕੇ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਵੀ ਹਾਜ਼ਰ ਸਨ, ਸਮਾਗਮ ਦੀ ਸਫ਼ਲਤਾ ਲਈ ਆਪਣੇ ਵਡਮੁੱਲੇ ਸੁਝਾਅ ਦਿੱਤੇ। ਸੰਤ ਅਤਰ ਸਿੰਘ ਦੀ 100 ਸਾਲਾ ਬਰਸੀ ਸਤਾਬਦੀ ਸਬੰਧ ਵਿਚ ਦੇ ਮੁੱਖੀ ਸੰਤ ਬਾਬਾ ਪ੍ਰਿੰਤਪਾਲ ਸਿੰਘ ਅਤੇ ਗੁਰਦੁਆਰਾ ਟਰੱਸਟ ਟੀਮ ਨਾਲ ਸਮੂਚੀ ਅਕਾਲ ਕਾਲਜ ਕੌਸਲ ਦੇ ਵਲੋਂ ਸਕੱਤਰ ਜਸਵੰਤ ਸਿੰਘ ਖਹਿਰਾ ਦੀ ਪ੍ਰਧਾਨਗੀ ਹੇਠ ਮੀਟਿੰਗ ਕੀਤੀ ਗਈ।