ਭਵਾਨੀਗੜ੍ਹ, 12 ਜੁਲਾਈ (ਰਣਧੀਰ ਸਿੰਘ ਫੱਗੂਵਾਲਾ, ਲਖਵਿੰਦਰ ਪਾਲ ਗਰਗ) - ਨੈਸ਼ਨਲ ਹਾਈਵੇ ’ਤੇ ਪਿੰਡ ਬਾਲਦ ਕੈਂਚੀਆਂ ਵਿਚ ਪਾਣੀ ਦਾ ਨਿਕਾਸ ਦਾ ਪ੍ਰਬੰਧ ਨਾ ਹੋਣ ਕਾਰਨ ਬਾਰਸ਼ ਦੇ ਖੜੇ ਪਾਣੀ ਵਿਚ ਕਾਂਗਰਸੀ ਆਗੂਆਂ ਅਤੇ ਕੌਂਸਲਰਾਂ ਨੇ ਝੋਨਾ ਲਗਾ ਕੇ ਆਪ ਸਰਕਾਰ ਖਿਲਾਫ਼ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ’ਤੇ ਬਲਾਕ ਪ੍ਰਧਾਨ ਗੁਰਦੀਪ ਸਿੰਘ ਘਰਾਚੋਂ, ਕਾਂਗਰਸੀ ਆਗੂ ਗੁਰਪ੍ਰੀਤ ਸਿੰਘ ਕੰਧੋਲਾ, ਕੌਂਸਲਰ ਹਰਪ੍ਰੀਤ ਸਿੰਘ ਬਾਜਵਾ, ਜਗਤਾਰ ਸਿੰਘ ਤੂਰ, ਬਲਕਾਰ ਸਿੰਘ ਤੋਂ ਇਲਾਵਾ ਹੋਰ ਆਗੂਆਂ ਨੇ ਕਿਹਾ ਕਿ ਇਸ ਸਰਵਿਸ ਰੋਡ ਦਾ ਸੜਕ ’ਤੇ ਨਿਕਾਸੀ ਪਾਣੀ ਦਾ ਸਹੀ ਪ੍ਰਬੰਧ ਨਾ ਹੋਣ ਇਥੇ ਖੜੇ ਪਾਣੀ ਨੇ ਝੀਲ ਦਾ ਰੂਪ ਧਾਰਨ ਕਰ ਲੈਣ ਕਾਰਨ ਇਥੇ ਰਹਿੰਦੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨ ਦੇ ਨਾਲ ਹੀ ਇਸ ਸਰਵਿਸ ਸੜਕ ਤੋਂ ਲੰਘਦੀਆਂ ਗੱਡੀਆਂ ਦੀਆਂ ਨੰਬਰ ਪਲੇਟਾਂ ਵੀ ਪਾਣੀ ਕਾਰਨ ਟੁੱਟ ਜਾਂਦੀਆਂ ਹਨ ਅਤੇ ਵਾਹਨਾਂ ਨੂੰ ਇਥੋਂ ਲੰਘਦਿਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਥਾਂ ’ਤੇ ਵਿਧਾਇਕਾ ਸਮੇਤ ਪ੍ਰਸਾਸ਼ਨਿਕ ਅਧਿਕਾਰੀਆਂ ਨੇ ਇਸ ਨੂੰ ਸਹੀ ਢੰਗ ਨਾਲ ਬਣਾਉਣ ਦਾ ਕਈ ਵਾਰ ਭਰੋਸਾ ਦਿੱਤਾ ਹੈ, ਪਰ ਇਥੇ ਨਿਕਾਸੀ ਪਾਣੀ ਦਾ ਸਹੀ ਪ੍ਰਬੰਧ ਕਰਨ ਦਾ ਕੋਈ ਉਪਰਾਲਾ ਨਹੀਂ ਕੀਤਾ ਗਿਆ। ਉਨ੍ਹਾਂ ਮੌਜੂਦਾ ਸਰਕਾਰ ਅਤੇ ਵਿਧਾਇਕਾ ਖਿਲਾਫ਼ ਨਾਅਰੇਬਾਜ਼ੀ ਕਰਦਿਆਂ ਨਿਕਾਸੀ ਪਾਣੀ ਦਾ ਸਹੀ ਪ੍ਰਬੰਧ ਕਰਨ ਦੀ ਮੰਗ ਕੀਤੀ। ਕਾਂਗਰਸੀ ਆਗੂ ਗੁਰਪ੍ਰੀਤ ਸਿੰਘ ਕੰਧੋਲਾ ਨੇ ਇਹ ਵੀ ਖਦਸਾ ਜਾਹਿਰ ਕੀਤਾ ਕਿ ਇਸ ਥਾਂ ’ਤੇ ਬਣੇ ਪੁੱਲ ਦੀ ਇਕ ਸਾਈਡ ’ਤੇ ਪਾਣੀ ਪੈਣ ਕਾਰਨ ਉਹ ਥਾਂ ਦੇ ਕਦੇ ਵੀ ਬਹਿ ਜਾਣ ਕਾਰਨ ਵੱਡਾ ਹਾਦਸਾ ਵਾਪਰ ਸਦਕਾ ਹੈ। ਇਸ ਲਈ ਇਸ ਨੂੰ ਵੀ ਤੁਰੰਤ ਠੀਕ ਕਰਨ ਦੀ ਉਨ੍ਹਾਂ ਮੰਗ ਕੀਤੀ। ਇਸ ਮੌਕੇ ’ਤੇ ਜਗਤਾਰ ਸ਼ਰਮਾਂ, ਸਾਹਿਬ ਸਿੰਘ ਭੜ੍ਹੋ, ਮੰਗਤ ਸ਼ਰਮਾਂ, ਬਲਵਿੰਦਰ ਸਿੰਘ ਘਾਬਦੀਆ, ਗਗਨਦੀਪ ਸਿੰਘ ਗੋਲਡੀ, ਸਵਰਨਜੀਤ ਸਿੰਘ ਸਾਬਕਾ ਕੌਂਲਸਰ, ਜਸਵੰਦ ਸਿੰਘ ਜੱਸੀ, ਰਾਮ ਸਿੰਘ ਭਰਾਜ, ਸੁਖਚੈਨ ਸਿੰਘ ਚੈਨੀ, ਸੁਖਵੀਰ ਸਿੰਘ ਸੱਖਾ, ਗੁਰਜੀਵਨ ਸਿੰਘ ਰਾਏ ਸਿੰਘ ਵਾਲਾ, ਮਨਜੀਤ ਸਿੰਘ ਨਰੈਣਗੜ੍ਹ, ਬੌਬੀ ਜਲਾਨ, ਸੰਜੀਵ ਲਾਲਕਾ, ਹਰਮਨ ਸਿੰਘ ਨੰਬਰਦਾਰ, ਮਿੱਠੂ ਖ਼ਾਨ ਤੋਂ ਇਲਾਵਾ ਹੋਰ ਆਗੂ ਹਾਜ਼ਰ ਸਨ। ਇਥੇ ਇਹ ਜ਼ਿਕਰਯੋਗ ਹੈ, ਕਿ ਕਾਂਗਰਸ ਸਰਕਾਰ ਸਮੇਂ ਇਥੇ ਖੜਦੇ ਪਾਣੀ ਵਿਚ ਨਰਿੰਦਰ ਕੌਰ ਭਰਾਜ ਵਲੋਂ ਆਪ ਦੇ ਆਗੂਆਂ ਨਾਲ ਬਾਰਸ਼ ਦੇ ਪਾਣੀ ਵਿੱਚ ਕਈ ਵਾਰ ਝੋਨਾ ਲਗਾ ਕੇ ਸੰਘਰਸ਼ ਕੀਤਾ ਸੀ, ਪਰ ਆਪ ਸਰਕਾਰ ਦੇ ਕਰੀਬ ਸਾਢੇ 4 ਸਾਲ ਲੰਘ ਜਾਣ ਦਾ ਇਸ ਦਾ ਸਾਰਥਿਕ ਹੱਲ ਨਾ ਕਰਨ ਕਰਕੇ ਲੋਕਾਂ ਵਿਚ ਰੋਸ ਦੀ ਲਹਿਰ ਪਾਈ ਜਾ ਰਹੀ ਹੈ।
ਬਾਲਦ ਕੈਂਚੀਆਂ ਵਿਖੇ ਨਿਕਾਸੀ ਪਾਣੀ ਦਾ ਪ੍ਰਬੰਧ ਨਾ ਹੋਰ ਕਾਰਨ ਕਾਂਗਰਸੀਆਂ ਕੀਤੀ ਆਪ ਖਿਲਾਫ਼ ਨਾਅਰੇਬਾਜ਼ੀ
ਅਜੀਤ ਡੈਸਕ
13-07-2026