ਚੀਮਾ ਮੰਡੀ, 12 ਜੁਲਾਈ (ਗੁਰਜੀਤ ਸਿੰਘ ਚਹਿਲ) - ਬਾਬਾ ਸੰਤੋਖ ਸਿੰਘ ਅਤੇ ਭਾਈ ਦਰਸ਼ਨ ਸਿੰਘ ਦੀ ਬਰਸੀ ਮੌਕੇ ਗੁਰਦੁਆਰਾ ਜਨਮ ਅਸਥਾਨ ਚੀਮਾ ਵਿਖੇ 9, 10 ਅਤੇ 11 ਜੁਲਾਈ ਨੂੰ ਤਿੰਨ ਰੋਜ਼ਾ ਗੁਰਮਤਿ ਸਮਾਗਮ ਬੜੀ ਸ਼ਰਧਾ, ਪ੍ਰੇਮ ਭਾਵਨਾ ਅਤੇ ਰੂਹਾਨੀ ਮਾਹੌਲ ‘ਚ ਸਮਾਪਤ ਹੋਇਆ। ਇਸ ਸਮਾਗਮ ਦੌਰਾਨ ਪੰਜਾਬ ਭਰ ਦੀਆਂ ਸੰਗਤਾ ਤੋ ਇਲਾਵਾ ਦਿੱਲੀ, ਹਿਮਾਚਲ ਅਤੇ ਹਰਿਆਣਾ ਤੋ ਵੀ ਸੰਗਤਾਂ ਨੇ ਹਾਜ਼ਰੀ ਭਰ ਕੇ ਗੁਰਬਾਣੀ ਕੀਰਤਨ, ਕਥਾ ਅਤੇ ਗੁਰਮਤਿ ਵਿਚਾਰਾਂ ਦਾ ਆਨੰਦ ਮਾਣਿਆ । ਸਮਾਗਮ ਦੇ ਪਹਿਲੇ ਦਿਨ 9 ਜੁਲਾਈ ਨੂੰ ਸਵੇਰੇ 8 ਵਜੇ ਪੰਜ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕੀਤੇ ਗਏ। ਦੂਜੇ ਦਿਨ ਸ਼ਾਮ ਸਮੇਂ ਢਾਡੀ ਵਾਰਾਂ ਅਤੇ ਗੁਰਬਾਣੀ ਕੀਰਤਨ ਦੇ ਪ੍ਰਭਾਵਸ਼ਾਲੀ ਦੀਵਾਨ ਸਜੇ, ਜਿਨ੍ਹਾਂ ਨੇ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ। ਸਮਾਗਮ ਦੇ ਅਖੀਰਲੇ ਦਿਨ ਪੰਜ ਸ੍ਰੀ ਅਖੰਡ ਪਾਠਾਂ ਦੇ ਭੋਗ ਉਪਰੰਤ ਸਜਾੇ ਧਾਰਮਿਕ ਦੀਵਾਨਾਂ ‘ਚ ਪ੍ਰਸਿੱਧ ਰਾਗੀ, ਢਾਡੀ ਜਥਿਆਂ ਅਤੇ ਸੰਤ-ਮਹਾਂਪੁਰਸ਼ਾਂ ਨੇ ਗੁਰਬਾਣੀ ਕੀਰਤਨ ਅਤੇ ਗੁਰਮਤਿ ਵਿਚਾਰਾਂ ਦੀ ਸਾਂਝ ਪਾ ਕੇ ਸੰਗਤਾਂ ਨੂੰ ਨਿਹਾਲ ਕੀਤਾ। ਸਮਾਗਮ ਬਾਬਾ ਜਸਵਿੰਦਰ ਸਿੰਘ ਹਰੇੜੀ ਵਾਲੇ, ਬਾਬਾ ਗੁਰਜੀਤ ਸਿੰਘ ਹਰੀਗੜ੍ਹ ਵਾਲੇ, ਬਾਬਾ ਜਗਤਾਰ ਸਿੰਘ ਕਾਨ੍ਹਗੜ੍ਹ ਵਾਲੇ, ਬਾਬਾ ਜਸਵੰਤ ਸਿੰਘ ਗੁਰਦੁਆਰਾ ਜੋਤੀ ਸਰੂਪ ਸੰਗਰੂਰ, ਬਾਬਾ ਅਮਰੀਕ ਸਿੰਘ ਸ਼ਾਦੀਹਰੀ ਗੁਰਦੁਆਰਾ ਰੋਗ ਨਿਵਾਰਨ ਸਾਹਿਬ ਸੁਨਾਮ, ਬਾਬਾ ਪਿਆਰਾ ਸਿੰਘ, ਭਾਈ ਗੁਰਪ੍ਰੀਤ ਸਿੰਘ ਲਹਿਰਾਗਾਗਾ (ਹਜ਼ੂਰੀ ਰਾਗੀ ਗੁਰਦੁਆਰਾ ਤੇਗ਼ ਬਹਾਦਰ), ਰਬਾਬ ਸੰਗੀਤ ਅਕੈਡਮੀ ਬੁਢਲਾਡਾ, ਬਾਬਾ ਇੰਦਰਜੀਤ ਸਿੰਘ ਜੀ ਰਤੀਏ ਵਾਲੇ, ਸੰਤ ਬਾਬਾ ਦਰਸ਼ਨ ਸਿੰਘ ਗੁਰਦੁਆਰਾ ਸੱਚਖੰਡ ਅੰਗੀਠਾ ਸਾਹਿਬ ਮਸਤੂਆਣਾ, ਬਾਬਾ ਜਗਰੂਪ ਸਿੰਘ ਚੋਹਟਾ ਸਾਹਿਬ, ਬਾਬਾ ਜਗਰੂਪ ਸਿੰਘ ਕੱਟੂ ਵਾਲੇ ਅਤੇ ਵੱਖ-ਵੱਖ ਸੰਪਰਦਾਵਾਂ ਦੇ ਸੰਤ-ਮਹਾਂਪੁਰਸ਼ਾਂ ਨੇ ਹਾਜ਼ਰੀ ਭਰਦਿਆਂ ਗੁਰਮਤਿ ਉਪਦੇਸ਼ਾਂ ਰਾਹੀਂ ਸੰਗਤਾਂ ਨੂੰ ਗੁਰੂ ਸਾਹਿਬਾਨਾਂ ਦੇ ਦਰਸਾਏ ਮਾਰਗ ‘ਤੇ ਚੱਲਣ, ਨਾਮ ਸਿਮਰਨ, ਸੇਵਾ ਅਤੇ ਉੱਚੇ ਆਚਰਨ ਵਾਲਾ ਜੀਵਨ ਅਪਣਾਉਣ ਲਈ ਪ੍ਰੇਰਿਤ ਕੀਤਾ । ਸਮਾਗਮ ਦੇ ਅਖੀਰ ‘ਚ ਕਲਗੀਧਰ ਟਰੱਸਟ ਬੜੂ ਸਾਹਿਬ ਦੇ ਪ੍ਰਧਾਨ ਡਾ. ਦਵਿੰਦਰ ਸਿੰਘ ਨੇ ਸੰਗਤਾਂ ਨੂੰ ਪ੍ਰਵਚਨ ਦਿੱਤੇ ਅਤੇ ਗੁਰਦੁਆਰਾ ਜਨਮ ਅਸਥਾਨ ਚੀਮਾ ਦੇ ਮੁੱਖ ਸੇਵਾਦਾਰ ਭਾਈ ਜਗਜੀਤ ਸਿੰਘ (ਕਾਕਾ ਵੀਰ ਜੀ) ਉਪ ਪ੍ਰਧਾਨ ਕਲਗੀਧਰ ਟਰੱਸਟ ਬੜੂ ਸਾਹਿਬ ਨੇ ਸਮਾਗਮ ਦੌਰਾਨ ਪੁੱਜੀਆਂ ਸੰਗਤਾਂ ਦਾ ਧੰਨਵਾਦ ਕੀਤਾ।