ਲੌਂਗੋਵਾਲ, 24 ਅਗਸਤ (ਸ.ਸ. ਖੰਨਾ, ਵਿਨੋਦ) - ਵਾਤਾਵਰਨ ਵਿੱਚ ਸ਼ੁੱਧਤਾ ਅਤੇ ਸੰਤੁਲਨ ਬਣਾਈ ਰੱਖਣ ਦੀ ਸੋਚ ਦੇ ਨਾਲ ਸੰਤ ਨਿਰੰਕਾਰੀ ਮਿਸ਼ਨ ਬ੍ਰਾਂਚ ਲੌਂਗੋਵਾਲ ਦੇ ਵਲੋਂ ‘ਵਨਨੈੱਸ ਵਨ’ ਮੁਹਿੰਮ ਦੀ ਦੇ ਅਧੀਨ ਤਹਿਸੀਲ ਕੰਪਲੈਕਸ, ਸ਼ਮਸ਼ਾਨ ਘਾਟ ਅਤੇ ਹੋਰ ਸਾਂਝੀਆਂ ਥਾਵਾਂ ਤੇ ਸੈਂਕੜੇ ਬੂਟੇ ਲਗਾਏ ਗਏ ਅਤੇ ਪਹਿਲਾਂ ਲਗਾਏ ਬੂਟਿਆਂ ਦੀ ਸਾਂਭ ਸੰਭਾਲ ਕੀਤੀ ਗਈ। ਨਿਰੰਕਾਰੀ ਭਵਨ ਲੌਂਗੋਵਾਲ ਦੇ ਮੁਖੀ ਰਣਜੀਤ ਸਿੰਘ ਢਿੱਲੋ ਨੇ ਕਿਹਾ ਕਿ ਅਧਿਆਤਮਿਕਤਾ ਇਨਸਾਨ ਨੂੰ ਨਕਾਰਾਤਮਕ ਸੋਚ ਦੇ ਪ੍ਰਦੂਸ਼ਣ ਤੋਂ ਮੁਕਤ ਕਰਦੀ ਹੈ ਉਥੇ ਹੀ ਅਜਿਹੇ ਵਿਵੇਕੀ ਪੁਰਸ਼ ਕੁਦਰਤ ਪ੍ਰਤੀ ਆਪਣੀਆਂ ਜਿੰਮੇਵਾਰੀਆਂ ਨੂੰ ਸਮਝਦੇ ਹੋਏ ਉਸਦੇ ਅਸਲ ਰੂਪ ਨੂੰ ਕਾਇਮ ਰੱਖਣ ਲਈ ਯਤਨਸ਼ੀਲ ਰਹਿੰਦੇ ਹਨ। ਢਿੱਲੋਂ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਕਿਹਾ ਕਿ ਮਾਤਾ ਸੁਦੀਕਸ਼ਾ ਦੇ ਆਸ਼ੀਰਵਾਦ ਨਾਲ ਇਸ ਮੁਹਿੰਮ ਦੀ ਸ਼ੁਰੂਆਤ 2021 ਵਿੱਚ ਹੋਈ ਸੀ।ਇਹ ਵਿਲੱਖਣ ਪਹਿਲਕਦਮੀ ਦਾ ਮਨੋਰਥ ਸਿਰਫ਼ ਰੁੱਖ ਲਗਾਉਣਾ ਹੀ ਨਹੀਂ, ਸਗੋਂ ਕੁਦਰਤ ਨਾਲ ਰੂਹਾਨੀ ਸਾਂਝ ਨੂੰ ਮੁੜ ਸੁਰਜੀਤ ਕਰਨਾ ਹੈ। ਇਸ ਮੌਕੇ ਰਾਜ ਕੁਮਾਰ ਰਾਜੂ, ਮਾਲਵਿੰਦਰ ਸਿੰਘ ਸੀਟੂ, ਅਮਰੀਕ ਸਿੰਘ ਢਿੱਲੋ, ਸੋਮਾ ਸਿੰਘ, ਹਰਪ੍ਰੀਤ ਸਿੰਘ ਸੰਮੂ, ਅਨਮੋਲ ਸਿੰਘ, ਬਿੱਟੂ ਹਰਪ੍ਰੀਤ ਸਿੰਘ ਆਦਿ ਹਾਜ਼ਰ ਸਨ।