ਖਨੌਰੀ ਵਿਖੇ ਸਰਵਿਸ ਰੋਡ ’ਤੇ ਬਿਨਾਂ ਸੁਰੱਖਿਆ ਪ੍ਰਬੰਧਾਂ ਦੇ ਧੜੱਲੇ ਨਾਲ ਚੱਲ ਰਹੀ ਪਾਈਪਲਾਈਨ ਵਿਛਾਉਣ ਦੀ ਖੁਦਾਈ
ਖਨੋਰੀ, 31 ਅਗਸਤ (ਬਲਵਿੰਦਰ ਸਿੰਘ ਥਿੰਦ) - ਸੰਗਰੂਰ-ਦਿੱਲੀ ਮੁੱਖ ਮਾਰਗ ਨਾਲ ਲੱਗਦੇ ਸਰਵਿਸ ਰੋਡ ਦੇ ਕਿਨਾਰੇ ਪਾਈਪ ਲਾਈਨ ਵਿਛਾਉਣ ਲਈ ਕੀਤੀ ਜਾ ਰਹੀ ਖੁਦਾਈ ਦੌਰਾਨ ਸਬੰਧਿਤ ਠੇਕੇਦਾਰ ਵਲੋਂ ਕਥਿਤ ਤੌਰ ’ਤੇ ਭਾਰੀ ਲਾਪਰਵਾਹੀ ਵਰਤੀ ਜਾ ਰਹੀ ਹੈ। ਸੜਕ ਦੀ ਜੇ.
ਖਨੋਰੀ, 31 ਅਗਸਤ (ਬਲਵਿੰਦਰ ਸਿੰਘ ਥਿੰਦ) - ਸੰਗਰੂਰ-ਦਿੱਲੀ ਮੁੱਖ ਮਾਰਗ ਨਾਲ ਲੱਗਦੇ ਸਰਵਿਸ ਰੋਡ ਦੇ ਕਿਨਾਰੇ ਪਾਈਪ ਲਾਈਨ ਵਿਛਾਉਣ ਲਈ ਕੀਤੀ ਜਾ ਰਹੀ ਖੁਦਾਈ ਦੌਰਾਨ ਸਬੰਧਿਤ ਠੇਕੇਦਾਰ ਵਲੋਂ ਕਥਿਤ ਤੌਰ ’ਤੇ ਭਾਰੀ ਲਾਪਰਵਾਹੀ ਵਰਤੀ ਜਾ ਰਹੀ ਹੈ। ਸੜਕ ਦੀ ਜੇ.ਸੀ.ਬੀ. ਮਸ਼ੀਨ ਨਾਲ ਖੁਦਾਈ ਕਰਦੇ ਸਮੇਂ ਰਾਹਗੀਰਾਂ ਅਤੇ ਵਾਹਨ ਚਾਲਕਾਂ ਦੀ ਸੁਰੱਖਿਆ ਲਈ ਨਾ ਤਾਂ ਕੋਈ ਸੰਕੇਤਕ ਚਿੰਨ੍ਹ ਲਗਾਏ ਗਏ ਹਨ ਅਤੇ ਨਾ ਹੀ ਖੁਦਾਈ ਵਾਲੀ ਥਾਂ ਦੇ ਆਲੇ-ਦੁਆਲੇ ਬੈਰੀਕੇਡ ਜਾਂ ਹੋਰ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਸਥਿਤੀ ਇਹ ਹੈ ਕਿ ਸਰਵਿਸ ਰੋਡ ਤੋਂ ਲੰਘਣ ਵਾਲੇ ਵਾਹਨ ਚਾਲਕਾਂ ਨੂੰ ਖੁਦਾਈ ਕਰ ਰਹੀ ਜੇ.ਸੀ.ਬੀ. ਮਸ਼ੀਨ ਦੇ ਬਿਲਕੁਲ ਨੇੜਿਓਂ ਆਪਣਾ ਖੁੱਦ ਬਚਾਅ ਕਰਦੇ ਹੋਏ ਲੰਘਣਾ ਪੈ ਰਿਹਾ ਹੈ। ਜੇਕਰ ਕਿਸੇ ਸਮੇਂ ਵਾਹਨ ਚਾਲਕ ਦਾ ਸੰਤੁਲਨ ਵਿਗੜ ਜਾਵੇ ਜਾਂ ਜੇ.ਸੀ.ਬੀ. ਮਸ਼ੀਨ ਦੀ ਹਿਲਜੁਲ ਦੌਰਾਨ ਕੋਈ ਅਣਸੁਖਾਵੀਂ ਘਟਨਾ ਵਾਪਰ ਜਾਵੇ ਤਾਂ ਇਸ ਦੇ ਗੰਭੀਰ ਨਤੀਜੇ ਨਿਕਲ ਸਕਦੇ ਹਨ। ਦਿਨ-ਰਾਤ ਭਾਰੀ ਆਵਾਜਾਈ, ਫਿਰ ਵੀ ਸੁਰੱਖਿਆ ਪ੍ਰਬੰਧਾਂ ਦੀ ਘਾਟ ਸੰਗਰੂਰ-ਦਿੱਲੀ ਮੁੱਖ ਮਾਰਗ ਪੰਜਾਬ ਅਤੇ ਹਰਿਆਣਾ ਨੂੰ ਆਪਸ ਵਿੱਚ ਜੋੜਨ ਵਾਲਾ ਇੱਕ ਮਹੱਤਵਪੂਰਨ ਮਾਰਗ ਹੈ। ਇਸ ਤੋਂ ਇਲਾਵਾ ਪਿੰਡ ਗੁਲਜ਼ਾਰਪੁਰਾ (ਠਰੂਆ) ਕੋਲੋਂ ਗੁਜ਼ਰਦਾ ਜੰਮੂ ਕਟੜਾ ਐਕਸਪ੍ਰੈਸ ਵੇਅ (ਭਾਰਤ ਮਾਲਾ) ਖਨੌਰੀ ਤੋਂ 5 ਕਿੱਲੋਮੀਟਰ ਦੀ ਦੂਰੀ ਤੇ ਸਥਿਤ ਹੋਣ ਕਾਰਨ ਇਸ ਐਕਸਪ੍ਰੈਸ ਵੇਅ ਤੇ ਚੜ੍ਹਨ ਤੇ ਉਤਰਨ ਵਾਲੇ ਸਾਰੇ ਵਾਹਨ ਖਨੌਰੀ ਦੇ ਸਰਵਿਸ ਰੋਡਾਂ ਤੋਂ ਹੀ ਗੁਜਰਦੇ ਹਨ। ਇਸ ਕਾਰਨ ਇਸ ਰਸਤੇ ’ਤੇ ਦਿਨ-ਰਾਤ ਵੱਡੀ ਗਿਣਤੀ ਵਿੱਚ ਛੋਟੇ-ਵੱਡੇ ਵਾਹਨਾਂ ਦੀ ਆਵਾਜਾਈ ਜਾਰੀ ਰਹਿੰਦੀ ਹੈ। ਅਜਿਹੇ ਵਿਅਸਤ ਮਾਰਗ ਨਾਲ ਲੱਗਦੇ ਸਰਵਿਸ ਰੋਡ ’ਤੇ ਬਿਨਾਂ ਕਿਸੇ ਚੇਤਾਵਨੀ ਜਾਂ ਸੁਰੱਖਿਆ ਪ੍ਰਬੰਧਾਂ ਦੇ ਖੁਦਾਈ ਦਾ ਕੰਮ ਕਰਵਾਇਆ ਜਾਣਾ ਰਾਹਗੀਰਾਂ ਦੀ ਸੁਰੱਖਿਆ ਨੂੰ ਸਿੱਧੇ ਤੌਰ ’ਤੇ ਖਤਰੇ ਵਿੱਚ ਪਾ ਸਕਦਾ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਖੁਦਾਈ ਵਾਲੀ ਥਾਂ ਤੋਂ ਕੁਝ ਦੂਰੀ ’ਤੇ ਹੀ ਜੇਕਰ ਪਹਿਲਾਂ ਤੋਂ ਸੰਕੇਤਕ ਬੋਰਡ, ਰਿਫਲੈਕਟਰ, ਬੈਰੀਕੇਡ ਅਤੇ ਹੋਰ ਸੁਰੱਖਿਆ ਪ੍ਰਬੰਧ ਕੀਤੇ ਜਾਣ ਤਾਂ ਵਾਹਨ ਚਾਲਕਾਂ ਨੂੰ ਅੱਗੇ ਹੋ ਰਹੀ ਖੁਦਾਈ ਬਾਰੇ ਸਮੇਂ ਸਿਰ ਜਾਣਕਾਰੀ ਮਿਲ ਸਕਦੀ ਹੈ ਅਤੇ ਹਾਦਸੇ ਦੀ ਸੰਭਾਵਨਾ ਨੂੰ ਘਟਾਇਆ ਜਾ ਸਕਦਾ ਹੈ। ਸੜਕ ’ਤੇ ਬੇਤਰਤੀਬੇ ਢੰਗ ਨਾਲ ਪਈਆਂ ਪਾਈਪਾਂ ਵੀ ਬਣੀਆਂ ਮੁਸੀਬਤ ਪਾਈਪ ਲਾਈਨ ਵਿਛਾਉਣ ਲਈ ਮੌਕੇ ’ਤੇ ਲਿਆਂਦੀਆਂ ਗਈਆਂ ਵੱਡੀਆਂ ਪਾਈਪਾਂ ਵੀ ਸਰਵਿਸ ਰੋਡ ਤੇ ਬੇਤਰਤੀਬੇ ਢੰਗ ਨਾਲ ਰੱਖੀਆਂ ਗਈਆਂ ਹਨ। ਇਨ੍ਹਾਂ ਕਾਰਨ ਸਰਵਿਸ ਰੋਡ ’ਤੇ ਆਵਾਜਾਈ ਲਈ ਉਪਲਬਧ ਥਾਂ ਹੋਰ ਘੱਟ ਹੋ ਰਹੀ ਹੈ ਅਤੇ ਵਾਹਨ ਚਾਲਕਾਂ ਨੂੰ ਲੰਘਣ ਸਮੇਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਿਸਾਨ ਆਗੂ ਰਾਜ ਸਿੰਘ ਥੇੜ੍ਹੀ ਅਤੇ ਸਾਬਕਾ ਸਰਪੰਚ ਗੁਰਬਾਜ਼ ਸਿੰਘ ਥੇੜ੍ਹੀ ਦਾ ਕਹਿਣਾ ਹੈ ਕਿ ਜੇਕਰ ਇਨ੍ਹਾਂ ਪਾਈਪਾਂ ਨੂੰ ਨੇੜੇ ਸਥਿਤ ਅਨਾਜ ਮੰਡੀ ਦੇ ਕਿਸੇ ਢੁਕਵੇਂ ਸਥਾਨ ’ਤੇ ਵਿਵਸਥਿਤ ਢੰਗ ਨਾਲ ਰੱਖ ਦਿੱਤਾ ਜਾਵੇ ਤਾਂ ਨਾ ਸਿਰਫ਼ ਸਰਵਿਸ ਰੋਡ ’ਤੇ ਆਵਾਜਾਈ ਸੁਚਾਰੂ ਹੋ ਸਕਦੀ ਹੈ, ਸਗੋਂ ਹਾਦਸਿਆਂ ਦੀ ਸੰਭਾਵਨਾ ਵੀ ਘੱਟ ਕੀਤੀ ਜਾ ਸਕਦੀ ਹੈ।