ਜ਼ਿਲ੍ਹਾ ਸੰਗਰੂਰ ਦੀਆਂ ਅਨਾਜ ਮੰਡੀਆਂ ’ਚ ਝੋਨੇ ਦੀ ਖ਼ਰੀਦ ਅੱਜ ਤੋਂ
ਸੰਗਰੂਰ, 30 ਸਤੰਬਰ (ਧੀਰਜ ਪਸ਼ੌਰੀਆ) - ਜ਼ਿਲ੍ਹਾ ਸੰਗਰੂਰ ’ਚ ਪਹਿਲੀ ਅਕਤੂਬਰ ਤੋਂ ਝੋਨੇ ਦੀ ਸਰਕਾਰੀ ਖ਼ਰੀਦ ਸ਼ੁਰੂ ਹੋਣ ਜਾ ਰਹੀ ਹੈ। ਇਸ ਵਾਰ ਇਹ ਖ਼ਰੀਦ 15 ਦਿਨ ਲੇਟ ਹੋਣ ਜਾ ਰਹੀ ਹੈ, ਭਾਵ ਪਿਛਲੇ ਸਾਲ ਇਹ ਖ਼ਰੀਦ 15 ਸਤੰਬਰ ਤੋਂ ਸ਼ੁਰੂ ਹੋਈ ਸੀ।
ਸੰਗਰੂਰ, 30 ਸਤੰਬਰ (ਧੀਰਜ ਪਸ਼ੌਰੀਆ) - ਜ਼ਿਲ੍ਹਾ ਸੰਗਰੂਰ ’ਚ ਪਹਿਲੀ ਅਕਤੂਬਰ ਤੋਂ ਝੋਨੇ ਦੀ ਸਰਕਾਰੀ ਖ਼ਰੀਦ ਸ਼ੁਰੂ ਹੋਣ ਜਾ ਰਹੀ ਹੈ। ਇਸ ਵਾਰ ਇਹ ਖ਼ਰੀਦ 15 ਦਿਨ ਲੇਟ ਹੋਣ ਜਾ ਰਹੀ ਹੈ, ਭਾਵ ਪਿਛਲੇ ਸਾਲ ਇਹ ਖ਼ਰੀਦ 15 ਸਤੰਬਰ ਤੋਂ ਸ਼ੁਰੂ ਹੋਈ ਸੀ। ਜ਼ਿਲ੍ਹਾ ਮੰਡੀ ਅਫਸਰ ਪ੍ਰਭਲੀਨ ਸਿੰਘ ਚੀਮਾ ਨੇ “ਅਜੀਤ” ਨਾਲ ਵਿਸ਼ੇਸ਼ ਤੌਰ ’ਤੇ ਗੱਲਬਾਤ ਕਰਦਿਆਂ ਦੱਸਿਆ ਕਿ ਕਿ ਜ਼ਿਲ੍ਹੇ ’ਚ ਅਨਾਜ ਮੰਡੀ ਸੰਗਰੂਰ ਸਮੇਤ 170 ਥਾਵਾਂ ’ਤੇ ਝੋਨੇ ਦੀ ਖ਼ਰੀਦ ਕੀਤੀ ਜਾਵੇਗੀ, ਜਿਸ ਵਾਸਤੇ ਵੱਖ-ਵੱਖ ਖ਼ਰੀਦ ਏਜੰਸੀਆਂ ਪਨਗਰੇਨ, ਐਫ.ਸੀ.ਆਈ., ਮਾਰਕਫੈੱਡ ਅਤੇ ਵੇਅਰ ਹਾਊਸ ਪੂਰੀ ਤਰ੍ਹਾਂ ਤਿਆਰ ਹਨ ਜੋ 17 ਪ੍ਰਤੀਸ਼ਤ ਤੱਕ ਨਮੀ ਵਾਲੇ ਝੋਨੇ ਨੂੰ ਘੱਟੋ-ਘੱਟ ਸਮਰਥਨ ਮੁੱਲ 2461 ਰੁਪਏ ਪ੍ਰਤੀ ਕੁਇੰਟਲ ਦੇ ਭਾਅ ’ਤੇ ਖ਼ਰੀਦ ਕਰਨਗੀਆਂ। ਉਨ੍ਹਾਂ ਨੇ ਦੱਸਿਆ ਕਿ ਜ਼ਿਲ੍ਹੇ ਦੀਆਂ ਅਨਾਜ ਮੰਡੀਆਂ ਤੇ ਖ਼ਰੀਦ ਕੇਂਦਰਾਂ ’ਚ ਆੜ੍ਹਤੀਆਂ ਅਤੇ ਕਿਸਾਨਾਂ ਦੀ ਸਹੂਲਤ ਲਈ ਸਫ਼ਾਈ ਦੇ ਨਾਲ ਨਾਲ ਲਾਈਟਾਂ, ਪੀਣ ਵਾਲੇ ਪਾਣੀ ਅਤੇ ਹੋਰ ਜ਼ਰੂਰੀ ਸਹੂਲਤਾਂ ਦੇ ਪ੍ਰਬੰਧ ਕਰ ਦਿੱਤੇ ਗਏ ਹਨ। ਕੁਝ ਥਾਵਾਂ ਤੇ ਜਿੱਥੇ ਕੁਝ ਕਮੀ ਪੇਸ਼ੀ ਰਹਿੰਦੀ ਹੈ ਉੱਥੇ ਵੀ ਜਲਦ ਪ੍ਰਬੰਧ ਮੁਕੰਮਲ ਕਰ ਲਏ ਜਾਣਗੇ। ਇਸ ਸਬੰਧੀ ਜਦੋਂ ਆੜ੍ਹਤੀਆ ਐਸੋਸੀਏਸ਼ਨ ਸੰਗਰੂਰ ਦੇ ਸਾਬਕਾ ਪ੍ਰਧਾਨ ਸਿਸ਼ਨ ਕੁਮਾਰ ਤੁੰਗਾ ਅਤੇ ਅਕਾਊਂਟੈਂਟ ਯੂਨੀਅਨ ਦੇ ਪ੍ਰਧਾਨ ਧਰਮਿੰਦਰ ਤਿਵਾੜੀ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਮੰਡੀ ਵਿੱਚ ਕਿਸਾਨਾਂ ਨੂੰ ਕਿਸੇ ਵੀ ਕਿਸਮ ਦੀ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ। ਉੱਧਰ ਲੋਕਲ ਸ਼ੈਲਰ ਐਸੋਸੀਏਸ਼ਨ ਦੇ ਪ੍ਰਧਾਨ ਵਰਿੰਦਰਪਾਲ ਸਿੰਘ ਟੀਟੂ ਨੇ ਦੱਸਿਆ ਕਿ ਐਫ.ਸੀ.ਆਈ. ਦੇ ਗੁਦਾਮ ਪਿਛਲੇ ਸਾਲਾਂ ਦੇ ਚੌਲ ਨਾਲ ਨੱਕੋ ਨੱਕ ਭਰੇ ਪਏ ਹਨ, ਅਜੇ ਪਿਛਲੇ ਸਾਲ ਦਾ ਕਰੀਬ 15 ਪ੍ਰਤੀਸ਼ਤ ਝੋਨਾ ਸ਼ੈਲਰਾਂ ਵਿੱਚ ਪਿਆ ਹੈ ਜਿਸ ਦੀ ਅਜੇ ਮੀਲਿੰਗ ਨਹੀਂ ਹੋ ਸਕੀ ਹੈ। ਇਸ ਸੀਜ਼ਨ ਵਿੱਚ ਮੰਡੀਆਂ ਵਿੱਚ ਕਿਸਾਨਾਂ ਅਤੇ ਆੜ੍ਹਤੀਆਂ ਨੂੰ ਕੋਈ ਦਿੱ ਕਤ ਨਾ ਆਵੇ, ਇਸ ਲਈ ਐਫ.ਸੀ.ਆਈ. ਦੇ ਗੋਦਾਮਾਂ ’ਚੋਂ ਚੌਲ ਚੁੱਕ ਕੇ ਆ ਰਹੇ ਸੀਜ਼ਨ ਦੇ ਝੋਨੇ ’ਚੋਂ ਨਿਕਲਣ ਵਾਲੇ ਚੌਲ ਦੀ ਸਪੇਸ ਦਾ ਪ੍ਰਬੰਧ ਕੀਤਾ ਜਾਵੇ ਤਾਂ ਹੀ ਸ਼ੈਲਰ ਮਾਲਕ ਝੋਨੇ ਨੂੰ ਆਪਣੇ ਸ਼ੈਲਰਾਂ ’ਚ ਲਗਵਾ ਸਕਣਗੇ।