ਕੈਥਲ ਰੋਡ ’ਤੇ ਡਰੇਨ ਦੀ ਟੁੱਟੀ ਰੇਲਿੰਗ ਦੇ ਰਹੀ ਹਾਦਸਿਆਂ ਨੂੰ ਸੱਦਾ
ਖਨੌਰੀ, 30 ਸਤੰਬਰ (ਬਲਵਿੰਦਰ ਸਿੰਘ ਥਿੰਦ) - ਖਨੌਰੀ ਸ਼ਹਿਰ ਦੇ ਕੈਥਲ ਰੋਡ ’ਤੇ ਸਥਿਤ ਡਰੇਨ ਦੇ ਪੁਲ਼ ਦੀ ਟੁੱਟੀ ਹੋਈ ਰੇਲਿੰਗ ਅਤੇ ਖਿਸਕੀਆਂ ਬੁਰਜੀਆਂ ਕਾਰਨ ਪੁਲ਼ ਦੀ ਸੁਰੱਖਿਆ ਵਿਵਸਥਾ ’ਤੇ ਸਵਾਲ ਖੜ੍ਹੇ ਹੋ ਰਹੇ ਹਨ। ਪਿਛਲੇ ਲੰਮੇ ਸਮੇਂ ਤੋਂ ਰੇਲਿੰਗ ਟੁੱਟੀ ਹੋਣ ਕਾਰਨ ਰਾਹਗੀਰਾਂ ਅਤੇ ਵਾਹਨ ਚਾਲਕਾਂ ਲਈ ਹਾਦਸੇ ਦਾ ਖ਼ਤਰਾ ਬਣਿਆ ਹੋਇਆ ਹੈ।
ਖਨੌਰੀ, 30 ਸਤੰਬਰ (ਬਲਵਿੰਦਰ ਸਿੰਘ ਥਿੰਦ) - ਖਨੌਰੀ ਸ਼ਹਿਰ ਦੇ ਕੈਥਲ ਰੋਡ ’ਤੇ ਸਥਿਤ ਡਰੇਨ ਦੇ ਪੁਲ਼ ਦੀ ਟੁੱਟੀ ਹੋਈ ਰੇਲਿੰਗ ਅਤੇ ਖਿਸਕੀਆਂ ਬੁਰਜੀਆਂ ਕਾਰਨ ਪੁਲ਼ ਦੀ ਸੁਰੱਖਿਆ ਵਿਵਸਥਾ ’ਤੇ ਸਵਾਲ ਖੜ੍ਹੇ ਹੋ ਰਹੇ ਹਨ। ਪਿਛਲੇ ਲੰਮੇ ਸਮੇਂ ਤੋਂ ਰੇਲਿੰਗ ਟੁੱਟੀ ਹੋਣ ਕਾਰਨ ਰਾਹਗੀਰਾਂ ਅਤੇ ਵਾਹਨ ਚਾਲਕਾਂ ਲਈ ਹਾਦਸੇ ਦਾ ਖ਼ਤਰਾ ਬਣਿਆ ਹੋਇਆ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਸਮੇਂ ਸਿਰ ਇਸ ਪਾਸੇ ਧਿਆਨ ਨਾ ਦਿੱਤਾ ਗਿਆ ਤਾਂ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਰਾਜ ਸੂਚਨਾ ਅਧਿਕਾਰ ਫਰੰਟ ਦੇ ਜ਼ਿਲ੍ਹਾ ਸੰਗਰੂਰ-ਪਟਿਆਲਾ ਦੇ ਪ੍ਰਧਾਨ ਪ੍ਰੋ. ਅਮਨਜੀਤ ਸਿੰਘ ਦੀਪਾ ਨੇ ਦੱਸਿਆ ਕਿ ਡਰੇਨ ਦੇ ਪੁਲ ਦੀ ਟੁੱਟੀ ਰੇਲਿੰਗ ਅਤੇ ਖਿਸਕੀਆਂ ਬੁਰਜੀਆਂ ਸੰਬੰਧੀ ਸੰਬੰਧਿਤ ਵਿਭਾਗ ਨੂੰ ਪਹਿਲਾਂ ਵੀ ਲਿਖਤੀ ਰੂਪ ਵਿੱਚ ਜਾਣੂ ਕਰਵਾਇਆ ਜਾ ਚੁੱਕਾ ਹੈ। ਇਸ ਦੇ ਬਾਵਜੂਦ ਹੁਣ ਤੱਕ ਸਮੱਸਿਆ ਦੇ ਹੱਲ ਲਈ ਲੋੜੀਂਦੀ ਕਾਰਵਾਈ ਨਾ ਹੋਣ ਕਾਰਨ ਲੋਕਾਂ ਵਿੱਚ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕੈਥਲ ਰੋਡ ’ਤੇ ਦਿਨ-ਰਾਤ ਵਾਹਨਾਂ ਦੀ ਆਵਾਜਾਈ ਰਹਿੰਦੀ ਹੈ। ਅਜਿਹੇ ਵਿੱਚ ਪੁਲ਼ ਦੀ ਰੇਲਿੰਗ ਦਾ ਟੁੱਟਿਆ ਹੋਣਾ ਖਾਸ ਕਰਕੇ ਰਾਤ ਸਮੇਂ ਵਧੇਰੇ ਖ਼ਤਰਨਾਕ ਸਾਬਤ ਹੋ ਸਕਦਾ ਹੈ। ਹਨੇਰੇ ਵਿੱਚ ਕਿਸੇ ਵਾਹਨ ਦੇ ਪੁਲ਼ ਤੋਂ ਡਰੇਨ ਵੱਲ ਜਾਣ ਜਾਂ ਕਿਸੇ ਰਾਹਗੀਰ ਦੇ ਹਾਦਸੇ ਦਾ ਸ਼ਿਕਾਰ ਹੋਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਪ੍ਰੋ. ਅਮਨਜੀਤ ਸਿੰਘ ਦੀਪਾ ਨੇ ਸੰਬੰਧਿਤ ਵਿਭਾਗ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਮਾਮਲੇ ਨੂੰ ਹੋਰ ਲੰਬਿਤ ਰੱਖਣ ਦੀ ਬਜਾਏ ਡਰੇਨ ਦੇ ਪੁਲ ਦੀ ਟੁੱਟੀ ਰੇਲਿੰਗ ਅਤੇ ਖਿਸਕੀਆਂ ਬੁਰਜੀਆਂ ਦੀ ਤੁਰੰਤ ਮੁਰੰਮਤ ਕਰਵਾਈ ਜਾਵੇ। ਇਸ ਦੇ ਨਾਲ਼ ਹੀ ਪੁਲ ਦੀ ਸੁਰੱਖਿਆ ਦਾ ਤਕਨੀਕੀ ਨਿਰੀਖਣ ਕਰਵਾ ਕੇ ਜਿੱਥੇ ਵੀ ਢਾਂਚਾਗਤ ਮੁਰੰਮਤ ਦੀ ਲੋੜ ਹੈ, ਉਸ ਨੂੰ ਵੀ ਤੁਰੰਤ ਪੂਰਾ ਕੀਤਾ ਜਾਵੇ।