ਦੇਹਲਾ ਸੀਹਾਂ ਦੇ ਕਿਸਾਨਾਂ ਨੇ ਬਿਜਲੀ ਸਪਲਾਈ ਨੂੰ ਲੈ ਕੇ ਕੀਤਾ ਰੋਸ ਪ੍ਰਦਰਸ਼ਨ
ਮੂਨਕ, 7 ਅਕਤੂਬਰ (ਪ੍ਰਵੀਨ ਮਦਾਨ, ਕੇਵਲ ਸਿੰਗਲਾ)-ਪਿੰਡ ਦੇਹਲਾ ਸੀਹਾਂ ਦੇ ਕਿਸਾਨਾਂ ਵੱਲੋਂ ਖੇਤਾਂ ਲਈ ਬਿਜਲੀ ਸਪਲਾਈ ਦੀ ਸਮੱਸਿਆ ਨੂੰ ਲੈ ਕੇ ਅੱਜ ਇਕੱਠੇ ਹੋ ਕੇ ਬਿਜਲੀ ਗਰਿੱਡ ਮੂਨਕ ਅਤੇ ਬਾਅਦ ਵਿੱਚ ਬੱਲਰਾਂ ਗਰਿੱਡ ਵਿਖੇ ਰੋਸ ਪ੍ਰਦਰਸ਼ਨ ਕੀਤਾ ਗਿਆ। ਕਿਸਾਨਾਂ ਨੇ ਦੱਸਿਆ ਕਿ ਦੇਹਲਾ ਫੀਡਰ ਪਿਛਲੇ ਚਾਰ ਦਿਨਾਂ ਤੋਂ ਲਗਭਗ ਬੰਦ ਪਿਆ ਹੈ ਅਤੇ ਇਸ ਦੌਰਾਨ ਸਿਰਫ਼ ਕਰੀਬ ਚਾਰ ਘੰਟੇ ਹੀ ਬਿਜਲੀ ਸਪਲਾਈ ਮਿਲੀ ਹੈ।
ਮ
ਮੂਨਕ ਬਿਜਲੀ ਬੋਰਡ ਦੇ ਦਫਤਰ ਵਿੱਚ ਰੋਸ਼ ਪ੍ਰਦਰਸ਼ਨ ਕਰ ਜਾਣਕਾਰੀ ਦਿੰਦੇ ਹੋਏ ਦੇਹਲਾ ਪਿੰਡ ਦੇ ਨਿਵਾਸੀ। ਤਸਵੀਰ- ਪ੍ਰਵੀਨ ਮਦਾਨ
08-10-2026
ਮੂਨਕ, 7 ਅਕਤੂਬਰ (ਪ੍ਰਵੀਨ ਮਦਾਨ, ਕੇਵਲ ਸਿੰਗਲਾ)-ਪਿੰਡ ਦੇਹਲਾ ਸੀਹਾਂ ਦੇ ਕਿਸਾਨਾਂ ਵੱਲੋਂ ਖੇਤਾਂ ਲਈ ਬਿਜਲੀ ਸਪਲਾਈ ਦੀ ਸਮੱਸਿਆ ਨੂੰ ਲੈ ਕੇ ਅੱਜ ਇਕੱਠੇ ਹੋ ਕੇ ਬਿਜਲੀ ਗਰਿੱਡ ਮੂਨਕ ਅਤੇ ਬਾਅਦ ਵਿੱਚ ਬੱਲਰਾਂ ਗਰਿੱਡ ਵਿਖੇ ਰੋਸ ਪ੍ਰਦਰਸ਼ਨ ਕੀਤਾ ਗਿਆ। ਕਿਸਾਨਾਂ ਨੇ ਦੱਸਿਆ ਕਿ ਦੇਹਲਾ ਫੀਡਰ ਪਿਛਲੇ ਚਾਰ ਦਿਨਾਂ ਤੋਂ ਲਗਭਗ ਬੰਦ ਪਿਆ ਹੈ ਅਤੇ ਇਸ ਦੌਰਾਨ ਸਿਰਫ਼ ਕਰੀਬ ਚਾਰ ਘੰਟੇ ਹੀ ਬਿਜਲੀ ਸਪਲਾਈ ਮਿਲੀ ਹੈ। ਕਿਸਾਨਾਂ ਅਨੁਸਾਰ ਝੋਨੇ ਦੀ ਫ਼ਸਲ ਪੱਕ ਕੇ ਤਿਆਰ ਹੋਣ ਕਿਨਾਰੇ ਹੈ ਅਤੇ ਆਖਰੀ ਪਾਣੀ ਲਾਉਣਾ ਬਹੁਤ ਜ਼ਰੂਰੀ ਹੈ। ਲਗਾਤਾਰ ਬਿਜਲੀ ਨਾ ਮਿਲਣ ਕਾਰਨ ਕਿਸਾਨਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਿਸਾਨ ਪਹਿਲਾਂ ਮੂਨਕ ਗਰਿੱਡ ਵਿਖੇ ਪਹੁੰਚੇ, ਜਿੱਥੇ ਉਨ੍ਹਾਂ ਵੱਲੋਂ ਬਿਜਲੀ ਮਹਿਕਮੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ। ਉੱਥੇ ਕੋਈ ਅਧਿਕਾਰੀ ਨਾ ਮਿਲਣ ਕਾਰਨ ਕਿਸਾਨ ਬਾਅਦ ਵਿੱਚ ਬੱਲਰਾਂ ਗਰਿੱਡ ਵਿਖੇ ਪਹੁੰਚੇ ਅਤੇ ਆਪਣੀ ਸਮੱਸਿਆ ਮਹਿਕਮੇ ਦੇ ਮੁਲਾਜ਼ਮਾਂ ਦੇ ਧਿਆਨ ਵਿੱਚ ਲਿਆਂਦੀ। ਕਿਸਾਨਾਂ ਅਨੁਸਾਰ ਬੱਲਰਾਂ ਗਰਿੱਡ ਦੇ ਮਹਿਕਮੇ ਵੱਲੋਂ ਉਨ੍ਹਾਂ ਨੂੰ ਭਰੋਸਾ ਦਿੱਤਾ ਗਿਆ ਕਿ ਬਿਜਲੀ ਸਪਲਾਈ ਵਿੱਚ ਸਮੱਸਿਆ ਪਿੱਛੋਂ ਆਉਣ ਵਾਲੀ ਸਪਲਾਈ ਕਾਰਨ ਪੈਦਾ ਹੋਈ ਸੀ ਅਤੇ ਅੱਜ ਰਾਤ ਤੋਂ ਦੇਹਲਾ ਫੀਡਰ ਦੀ ਬਿਜਲੀ ਸਪਲਾਈ ਪੂਰੀ ਤਰ੍ਹਾਂ ਬਹਾਲ ਹੋ ਜਾਵੇਗੀ। ਇਸ ਭਰੋਸੇ ਤੋਂ ਬਾਅਦ ਕਿਸਾਨ ਵਾਪਸ ਪਰਤ ਗਏ। ਇਸ ਮੌਕੇ ਸੁਖਵਿੰਦਰ ਸਿੰਘ ਸਾਬਕਾ ਪ੍ਰਧਾਨ, ਜੁਗਰਾਜ ਸਿੰਘ ਪੰਚ, ਅਜੈਵ ਸਿੰਘ, ਦਰਸ਼ਨ ਸਿੰਘ, ਭੋਲਾ ਸਿੰਘ, ਕੰਮਾਂ ਸਿੰਘ, ਸੋਨੂੰ ਸਿੰਘ, ਲੀਲਾ ਸਿੰਘ, ਕਾਲਾ ਸਿੰਘ, ਸੁਖਪਾਲ ਸਿੰਘ, ਬਾਬੂ ਸਿੰਘ ਅਤੇ ਗੁਰਵਿੰਦਰ ਸਿੰਘ, ਅਮਰਜੀਤ ਸਿੰਘ, ਗੁੱਡੂ ਸਮੇਤ ਹੋਰ ਕਿਸਾਨ ਮੌਜੂਦ ਸਨ।