ਖਨੌਰੀ ਵਿੱਚ ਬੁਲਟ ਮੋਟਰਸਾਈਕਲਾਂ ਦੇ ਪਟਾਕਿਆਂ ਤੋਂ ਸ਼ਹਿਰ ਵਾਸੀ ਪ੍ਰੇਸ਼ਾਨ
ਖਨੌਰੀ, 21 ਨਵੰਬਰ (ਬਲਵਿੰਦਰ ਸਿੰਘ ਥਿੰਦ)–ਸਥਾਨਕ ਸ਼ਹਿਰ ਖਨੌਰੀ ਵਿਖੇ ਬੁਲਟ ਮੋਟਰਸਾਈਕਲਾਂ ਦੇ ਸਾਈਲੈਂਸਰਾਂ ਵਿੱਚ ਤਬਦੀਲੀਆਂ ਕਰਕੇ ਉੱਚੀ ਅਤੇ ਖ਼ਤਰਨਾਕ ਆਵਾਜ਼ ਵਾਲੇ ਪਟਾਕੇ ਪਾਉਣ ਵਾਲੇ ਨੌਜਵਾਨਾਂ ਦੀਆਂ ਹਰਕਤਾਂ ਤੋਂ ਸ਼ਹਿਰ ਵਾਸੀ ਬੇਹੱਦ ਪ੍ਰੇਸ਼ਾਨ ਹਨ। ਸ਼ਹਿਰ ਦੇ ਬਾਈਪਾਸ ਰੋਡ ਤੋਂ ਲੈ ਕੇ ਗਲੀਆਂ-ਮੁਹੱਲਿਆਂ ਤੱਕ ਅਜਿਹੇ ਨੌਜਵਾਨ ਬੇਖ਼ੌਫ਼ ਮੋਟਰਸਾਈਕਲਾਂ ’ਤੇ ਘੁੰਮਦੇ ਦਿਖਾਈ ਦਿੰਦੇ ਹਨ।
ਖਨੌਰੀ, 21 ਨਵੰਬਰ (ਬਲਵਿੰਦਰ ਸਿੰਘ ਥਿੰਦ)–ਸਥਾਨਕ ਸ਼ਹਿਰ ਖਨੌਰੀ ਵਿਖੇ ਬੁਲਟ ਮੋਟਰਸਾਈਕਲਾਂ ਦੇ ਸਾਈਲੈਂਸਰਾਂ ਵਿੱਚ ਤਬਦੀਲੀਆਂ ਕਰਕੇ ਉੱਚੀ ਅਤੇ ਖ਼ਤਰਨਾਕ ਆਵਾਜ਼ ਵਾਲੇ ਪਟਾਕੇ ਪਾਉਣ ਵਾਲੇ ਨੌਜਵਾਨਾਂ ਦੀਆਂ ਹਰਕਤਾਂ ਤੋਂ ਸ਼ਹਿਰ ਵਾਸੀ ਬੇਹੱਦ ਪ੍ਰੇਸ਼ਾਨ ਹਨ। ਸ਼ਹਿਰ ਦੇ ਬਾਈਪਾਸ ਰੋਡ ਤੋਂ ਲੈ ਕੇ ਗਲੀਆਂ-ਮੁਹੱਲਿਆਂ ਤੱਕ ਅਜਿਹੇ ਨੌਜਵਾਨ ਬੇਖ਼ੌਫ਼ ਮੋਟਰਸਾਈਕਲਾਂ ’ਤੇ ਘੁੰਮਦੇ ਦਿਖਾਈ ਦਿੰਦੇ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਲੋਕਾਂ ਵਲੋਂ ਵਾਰ-ਵਾਰ ਸ਼ਿਕਾਇਤਾਂ ਕੀਤੇ ਜਾਣ ਦੇ ਬਾਵਜੂਦ ਇਸ ਸਮੱਸਿਆ ਦਾ ਕੋਈ ਠੋਸ ਹੱਲ ਨਜ਼ਰ ਨਹੀਂ ਆ ਰਿਹਾ। ਸ਼ਹਿਰ ਵਾਸੀਆਂ ਅਨੁਸਾਰ ਖਨੌਰੀ ਦੇ ਬਾਈਪਾਸ ਰੋਡ ’ਤੇ ਅਕਸਰ ਹੀ ਕੁਝ ਨੌਜਵਾਨ ਬੁੱਲਟ ਮੋਟਰਸਾਈਕਲਾਂ ਨੂੰ ਤੇਜ਼ ਰਫ਼ਤਾਰ ਨਾਲ ਚਲਾਉਂਦੇ ਹੋਏ ਜਾਣਬੁੱਝ ਕੇ ਜ਼ੋਰਦਾਰ ਪਟਾਕੇ ਪਾਉਂਦੇ ਹਨ। ਜ਼ਿਕਰਯੋਗ ਹੈ ਕਿ ਬਾਈਪਾਸ ਰੋਡ ’ਤੇ ਵਾਹਨਾਂ ਦੀ ਕਾਫ਼ੀ ਆਵਾਜਾਈ ਰਹਿੰਦੀ ਹੈ ਅਤੇ ਕਈ ਵਾਰ ਜਾਮ ਵਰਗੀ ਸਥਿਤੀ ਵੀ ਬਣੀ ਰਹਿੰਦੀ ਹੈ। ਅਜਿਹੇ ਵਿੱਚ ਤੇਜ਼ ਰਫ਼ਤਾਰ ਨਾਲ ਮੋਟਰਸਾਈਕਲ ਚਲਾਉਣਾ ਅਤੇ ਅਚਾਨਕ ਉੱਚੀ ਆਵਾਜ਼ ਵਿੱਚ ਪਟਾਕੇ ਪਾਉਣਾ ਕਿਸੇ ਵੀ ਸਮੇਂ ਵੱਡੇ ਹਾਦਸੇ ਦਾ ਕਾਰਨ ਬਣ ਸਕਦਾ ਹੈ। ਇਸ ਤੋਂ ਇਲਾਵਾ ਸੜਕ ਦੇ ਆਸ-ਪਾਸ ਦੁਕਾਨਾਂ ਚਲਾਉਣ ਵਾਲੇ ਦੁਕਾਨਦਾਰਾਂ ਅਤੇ ਨੇੜਲੇ ਮੁਹੱਲਿਆਂ ਦੇ ਵਸਨੀਕਾਂ ਨੂੰ ਵੀ ਰੋਜ਼ਾਨਾ ਇਸ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਨ੍ਹਾਂ ਮੋਟਰਸਾਈਕਲਾਂ ਵਿੱਚੋਂ ਨਿਕਲਣ ਵਾਲੀ ਧਮਾਕੇ ਵਰਗੀ ਆਵਾਜ਼ ਇੰਨੀ ਤੇਜ਼ ਹੁੰਦੀ ਹੈ ਕਿ ਰਾਹਗੀਰ ਅਤੇ ਆਸ-ਪਾਸ ਬੈਠੇ ਲੋਕ ਅਚਾਨਕ ਤ੍ਰਬਕ ਜਾਂਦੇ ਹਨ। ਖ਼ਾਸ ਕਰਕੇ ਬਜ਼ੁਰਗਾਂ, ਛੋਟੇ ਬੱਚਿਆਂ ਅਤੇ ਦਿਲ ਦੇ ਮਰੀਜ਼ਾਂ ਲਈ ਅਜਿਹੀਆਂ ਅਚਾਨਕ ਉੱਚੀਆਂ ਆਵਾਜ਼ਾਂ ਮਾਨਸਿਕ ਤਣਾਅ ਅਤੇ ਸਿਹਤ ਸਬੰਧੀ ਗੰਭੀਰ ਪ੍ਰੇਸ਼ਾਨੀ ਦਾ ਕਾਰਨ ਬਣ ਸਕਦੀਆਂ ਹਨ। ਇਸ ਦੇ ਨਾਲ ਹੀ ਸੜਕਾਂ ’ਤੇ ਪੈਦਲ ਚੱਲਣ ਵਾਲੇ ਲੋਕਾਂ ਅਤੇ ਹੋਰ ਵਾਹਨ ਚਾਲਕਾਂ ਦੀ ਸੁਰੱਖਿਆ ਵੀ ਖ਼ਤਰੇ ਵਿੱਚ ਪੈ ਜਾਂਦੀ ਹੈ। ਥਾਣਾ ਖਨੌਰੀ ਦੇ ਥਾਣਾ ਇੰਚਾਰਜ ਇੰਸਪੈਕਟਰ ਗੁਰਮੀਤ ਸਿੰਘ ਥਿੰਦ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਪੁਲਿਸ ਨੂੰ ਪਹਿਲਾਂ ਵੀ ਇਸ ਸਮੱਸਿਆ ਸਬੰਧੀ ਸ਼ਿਕਾਇਤਾ ਮਿਲ ਚੁੱਕੀਆਂ ਹਨ। ਉਨ੍ਹਾਂ ਭਰੋਸਾ ਦਿਵਾਇਆ ਕਿ ਜਲਦੀ ਹੀ ਅਜਿਹੇ ਨੌਜਵਾਨਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਕਾਬੂ ਕੀਤਾ ਜਾਵੇਗਾ ਅਤੇ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।