ਮੱਖੂ, 3 ਜਨਵਰੀ (ਵਰਿੰਦਰ ਮਨਚੰਦਾ)-ਮੱਖੂ ਸ਼ਹਿਰ ਅੰਦਰ ਰਹਿੰਦੇ ਵਿਕਾਸ ਕਾਰਜਾਂ ਨੂੰ ਜਲਦ ਸ਼ੁਰੂ ਕਰਵਾ ਨੇਪਰੇ ਚਾੜ੍ਹਨ ਲਈ ਹਲਕਾ ਜ਼ੀਰਾ ਦੇ ਵਿਧਾਇਕ ਨਰੇਸ਼ ਕਟਾਰੀਆ ਨੇ ਨਗਰ ਪੰਚਾਇਤ ਦਫ਼ਤਰ ਮੱਖੂ ਵਿਖੇ ਆਪਣੀ ਇਕ ਫੇਰੀ ਦੌਰਾਨ ਕੌਂਸਲਰਾਂ ਨਾਲ ਮੀਟਿੰਗ ਕੀਤੀ ਗਈ, ਜਿਸ ਵਿਚ ਮੱਖੂ ਦੇ ਸਮੂਹ ਕੌਂਸਲਰ ਹਾਜ਼ਰ ਸਨ | ਮੀਟਿੰਗ ਦੌਰਾਨ ਵਿਧਾਇਕ ਕਟਾਰੀਆ ਨੇ ਕੌਂਸਲਰਾਂ ਤੋਂ ਸ਼ਹਿਰ ਅੰਦਰ ਰਹਿੰਦੇ ਗਲੀਆਂ, ਨਾਲੀਆਂ, ਸੜਕਾਂ, ਸਿਹਤ ਸੇਵਾਵਾਂ, ਸਿੱਖਿਆ, ਵਾਟਰ ਸਪਲਾਈ ਆਦਿ ਵਿਕਾਸ ਕਾਰਜਾਂ ਸਬੰਧੀ ਵਿਚਾਰਾਂ ਕੀਤੀਆਂ ਅਤੇ ਰਹਿੰਦੇ ਵਿਕਾਸ ਕਾਰਜਾਂ ਦੀ ਸੂਚੀ ਮੰਗੀ | ਮੀਟਿੰਗ 'ਚ ਵਿਧਾਇਕ ਨਰੇਸ਼ ਕਟਾਰੀਆ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਅਗਵਾਈ ਹੇਠ ਸੂਬੇ ਅੰਦਰ ਚੱਲ ਰਹੀ ਵਿਕਾਸ ਕਾਰਜਾਂ ਦੀ ਲੜੀ ਤਹਿਤ ਮੱਖੂ ਅੰਦਰ ਵੀ ਰਹਿੰਦੇ ਵਿਕਾਸ ਕਾਰਜ ਜਲਦ ਪੂਰੇ ਕੀਤੇ ਜਾਣਗੇ, ਜਿਸ ਲਈ ਪੰਜਾਬ ਸਰਕਾਰ ਵਲੋਂ ਦਫ਼ਤਰ ਨਗਰ ਪੰਚਾਇਤ ਮੱਖੂ ਨੂੰ ਵਿਸ਼ੇਸ਼ ਗਰਾਂਟ ਮੁਹੱਈਆ ਕਰਵਾਈ ਜਾਵੇਗੀ, ਜਿਸ ਨਾਲ ਮੱਖੂ ਦੇ ਅਥਾਹ ਵਿਕਾਸ ਕਾਰਜ ਕਰਵਾਏ ਜਾਣਗੇ | ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੂੰ ਮੱਖੂ ਸ਼ਹਿਰ ਦੇ ਰਹਿੰਦੇ ਵਿਕਾਸ ਕਾਰਜਾਂ ਸਬੰਧੀ ਜਾਣੰੂ ਕਰਵਾਇਆ ਜਾ ਚੁੱਕਿਆ ਹੈ, ਜਿਨ੍ਹਾਂ ਵਲੋਂ ਮੱਖੂ ਨਗਰ ਪੰਚਾਇਤ ਨੂੰ ਜਲਦ ਹੀ ਵਿਕਾਸ ਕਾਰਜਾਂ ਲਈ ਫ਼ੰਡ ਜਾਰੀ ਕੀਤਾ ਜਾਵੇਗਾ | ਵਿਧਾਇਕ ਕਟਾਰੀਆ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਵਲੋਂ ਮੱਖੂ ਸ਼ਹਿਰ ਨਾਲ ਵਿਤਕਰਾ ਕੀਤਾ ਗਿਆ ਹੈ, ਜਿਸ ਕਰਕੇ ਮੱਖੂ ਸ਼ਹਿਰ ਲੋੜੀਂਦੀਆਂ ਸਹੂਲਤਾਂ ਨੰੂ ਤਰਸ ਵਿਕਾਸ ਪੱਖੋਂ ਪਛੜ ਚੁੱਕਿਆ ਹੈ, ਜੋ ਹੁਣ ਆਪ ਸਰਕਾਰ ਦੇ ਸਮੇਂ 'ਚ ਮੱਖੂ ਸ਼ਹਿਰ ਅੰਦਰ ਅਥਾਹ ਵਿਕਾਸ ਕਾਰਜ ਕਰਵਾ ਕੇ ਸ਼ਹਿਰ ਨੂੰ ਤਰੱਕੀ ਦੇ ਰਾਹ 'ਤੇ ਤੋਰਾਂਗੇ | ਇਸ ਮੌਕੇ ਮੀਟਿੰਗ 'ਚ ਨਗਰ ਪੰਚਾਇਤ ਮੱਖੂ ਦੇ ਪ੍ਰਧਾਨ ਨਰਿੰਦਰ ਮੋਹਨ ਕਟਾਰੀਆ, ਅਨਿਲ ਕੁਮਾਰ ਡੀ.ਸੀ. ਸੀਨੀਅਰ ਮੀਤ ਪ੍ਰਧਾਨ ਨਗਰ ਪੰਚਾਇਤ ਮੱਖੂ, ਤਿਲਕ ਰਾਜ ਮੀਤ ਪ੍ਰਧਾਨ ਮੱਖੂ ਤੋਂ ਇਲਾਵਾ ਕੌਂਸਲਰ ਮਨਜਿੰਦਰ ਸਿੰਘ ਮਿੰਟੂ, ਸੰਦੀਪ ਠੁਕਰਾਲ, ਜੁਗਿੰਦਰ ਸਿੰਘ ਥਿੰਦ, ਸੌਰਵ ਅਹੂਜਾ, ਦਵਿੰਦਰ ਸਿੰਘ ਬੱਬੂ, ਹੀਰਾ ਗਿੱਲ, ਵੀਨੂੰ ਸ਼ਾਹ, ਗੁਰਜੰਟ ਸਿੰਘ, ਹੀਰਾ ਸਿੰਘ ਆਦਿ ਆਗੂ ਹਾਜ਼ਰ ਸਨ |