ਫ਼ਾਜ਼ਿਲਕਾ, 4 ਜਨਵਰੀ (ਦਵਿੰਦਰ ਪਾਲ ਸਿੰਘ)-ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ਮੁੱਢਲੀਆਂ ਸਹੂਲਤਾਂ ਪ੍ਰਦਾਨ ਕਰਨ ਲਈ ਸਿਰਤੋੜ ਯਤਨ ਕੀਤੇ ਜਾ ਰਹੇ ਹਨ | ਇਸੇ ਤਹਿਤ ਹੀ ਹਰ ਤਰ੍ਹਾਂ ਦੇ ਵਿਕਾਸ ਕਾਰਜ ਚੱਲ ਰਹੇ ਹਨ | ਇਹ ਪ੍ਰਗਟਾਵਾ ਫ਼ਾਜ਼ਿਲਕਾ ਦੇ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਨੇ ਸ਼ਹਿਰ ਦੇ ਵਾਰਡ ਨੰਬਰ 12 ਦੀ ਮਾਧਵ ਨਗਰੀ ਵਿਖੇ ਕਰੀਬ 99 ਲੱਖ ਦੀ ਲਾਗਤ ਨਾਲ ਬਣਨ ਵਾਲੀਆਂ 11 ਕੱਚੀਆਂ ਗਲੀਆਂ 'ਚ ਇੰਟਰਲਾਕਿੰਗ ਟਾਈਲਾਂ ਲਗਾਉਣ ਦਾ ਕੰਮ ਨੀਂਹ ਪੱਥਰ ਰੱਖ ਕੇ ਸ਼ੁਰੂ ਕਰਵਾਇਆ | ਵਿਧਾਇਕ ਸਵਨਾ ਨੇ ਕਿਹਾ ਕਿ ਹਲਕੇ ਨੂੰ ਵਿਕਾਸ ਪੱਖੋਂ ਵਾਂਝਾ ਨਹੀਂ ਰਹਿਣ ਦਿੱਤਾ ਜਾਵੇਗਾ | ਉਨ੍ਹਾਂ ਕਿਹਾ ਕਿ ਗਲੀਆਂ ਨੂੰ ਪੱਕਿਆਂ ਕਰਨ ਤੋਂ ਇਲਾਵਾ ਸੀਵਰੇਜ, ਪੱਕੀਆਂ ਸੜਕਾਂ, ਸਾਫ਼ ਪਾਣੀ ਵਾਲੇ ਪ੍ਰਾਜੈਕਟ ਆਦਿ ਬਣਾਏ ਜਾ ਰਹੇ ਹਨ | ਉਨ੍ਹਾਂ ਸੰਬੋਧਨ ਕਰਦਿਆਂ ਕਿਹਾ ਕਿ ਸਾਰੇ ਵਿਕਾਸ ਕਾਰਜ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਬਿਨਾਂ ਕਿਸੇ ਭੇਦਭਾਵ ਤੋਂ ਕੀਤੇ ਜਾ ਰਹੇ ਹਨ | ਉਨ੍ਹਾਂ ਕਿਹਾ ਕਿ ਵਿਕਾਸ ਦੇ ਕੰਮਾਂ 'ਚ ਫ਼ੰਡਾਂ ਦੀ ਕੋਈ ਘਾਟ ਨਹੀਂ ਆਉਣ ਦਿੱਤੀ ਜਾਵੇਗੀ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਚੋਣਾਂ 'ਚ ਕੀਤੇ ਵਾਅਦਿਆਂ ਨੂੰ ਨਿਭਾਉਣ 'ਚ ਕੋਈ ਕਸਰ ਨਹੀਂ ਛੱਡੀ ਜਾ ਰਹੀ | ਇਸ ਮੌਕੇ ਬਲਾਕ ਪ੍ਰਧਾਨ ਸ਼ਿਵ ਜਜੋਰੀਆ, ਬਲਾਕ ਪ੍ਰਧਾਨ ਸੰਦੀਪ ਚਲਾਣਾ, ਬਬਲੀ ਰੇਵਾੜੀਆ, ਬੌਬੀ ਸੇਤੀਆ, ਸ਼ਾਮ ਲਾਲ ਗਾਂਧੀ, ਸੁਨੀਲ ਮੈਣੀ, ਰੋਹਿਤ ਕੁਮਾਰ, ਆਤਮਾ ਰਾਮ ਕੰਬੋਜ, ਵਿਨੋਦ ਬੋਹਟ, ਕਰਨ, ਅਜੇ ਕੁਮਾਰ ਪਰਜਾਪਤ, ਸੁਨੀਲ ਕੁਮਾਰ, ਸਾਗਰ ਬੋਹਤ, ਆਕਾਸ਼ ਕੰਬੋਜ, ਅਮਰਦੀਪ ਸਿੰਘ, ਫ਼ਤਿਹ ਸਿੰਘ, ਲਵਲੀ ਬਾਲਮੀਕ ਆਦਿ ਹਾਜ਼ਰ ਸਨ |