ਫ਼ਿਰੋਜ਼ਪੁਰ, 4 ਜਨਵਰੀ (ਗੁਰਿੰਦਰ ਸਿੰਘ)-ਨਸ਼ੀਲੀਆਂ ਦਵਾਈਆਂ ਤੇ ਉਨ੍ਹਾਂ ਦੀ ਗੈਰ ਕਾਨੂੰਨੀ ਸਟੋਰੇਜ ਖ਼ਿਲਾਫ਼ ਵੱਡੀ ਕਾਰਵਾਈ ਕਰਦਿਆਂ ਸਿਹਤ ਤੇ ਪੁਲਿਸ ਵਿਭਾਗ ਦੀ ਸਾਂਝੀ ਟੀਮ ਵਲੋਂ ਗੁਪਤ ਸੂਚਨਾ ਦੇ ਆਧਾਰ 'ਤੇ ਫ਼ਿਰੋਜ਼ਪੁਰ ਸ਼ਹਿਰ ਦੇ ਇਲਾਕੇ ਕਿ੍ਸ਼ਨਾ ਨਗਰੀ ਤੇ ਮੁਹੱਲਾ ਬਾਵਿਆਂ ਵਾਲਾ ਵਿਚ ਸਥਿਤ 3 ਬਿਨਾਂ ਲਾਇਸੈਂਸ ਗੁਦਾਮਾਂ 'ਚ ਛਾਪੇਮਾਰੀ ਕੀਤੀ ਗਈ | ਡਰੱਗਜ਼ ਕੰਟਰੋਲ ਅਫ਼ਸਰ ਫ਼ਿਰੋਜ਼ਪੁਰ ਸੋਨੀਆ ਗੁਪਤਾ, ਡਰੱਗਜ਼ ਕੰਟਰੋਲ ਅਫ਼ਸਰ ਫ਼ਰੀਦਕੋਟ ਹਰਜਿੰਦਰ ਸਿੰਘ, ਨਾਇਬ ਤਹਿਸੀਲਦਾਰ ਫ਼ਿਰੋਜ਼ਪੁਰ ਪਿ੍ਆ ਰਾਣੀ ਤੇ ਥਾਣਾ ਸਿਟੀ ਪੁਲਿਸ ਟੀਮ ਵਲੋਂ ਕੀਤੀ ਸਾਂਝੀ ਕਾਰਵਾਈ ਦੌਰਾਨ ਸਵਾ ਕਰੋੜ ਰੁਪਏ ਦੀ ਕੀਮਤ ਦੀਆਂ 5 ਲੱਖ ਦੇ ਕਰੀਬ ਨਸ਼ੀਲੀਆਂ ਗੋਲੀਆਂ ਤੇ ਕੈਪਸੂਲ ਬਰਾਮਦ ਕੀਤੇ ਗਏ ਹਨ | ਡਰੱਗਜ਼ ਕੰਟਰੋਲ ਅਫ਼ਸਰ ਸੋਨੀਆ ਗੁਪਤਾ ਨੇ ਦੱਸਿਆ ਕਿ ਇਸ ਜਾਂਚ ਦੌਰਾਨ ਸ਼ੱਕ ਦੇ ਆਧਾਰ 'ਤੇ ਕੁੱਲ 11 ਨਮੂਨੇ ਟੈੱਸਟ ਤੇ ਜਾਂਚ ਲਈ ਭੇਜੇ ਗਏ ਹਨ | ਇਸ ਕਾਰਵਾਈ ਦੌਰਾਨ ਪ੍ਰੈਗਾਬਾਲਿਨ ਅਤੇ ਟੈਪੈਂਟਾਡੋਲ ਦਵਾਈਆਂ ਨੂੰ ਵੱਡੀ ਮਾਤਰਾ ਵਿਚ ਬਰਾਮਦ ਕਰਕੇ ਜ਼ਬਤ ਕੀਤਾ | ਪੁਲਿਸ ਵਲੋਂ ਇਸ ਮਾਮਲੇ ਸੰਬੰਧੀ ਐੱਫ. ਆਈ. ਆਰ. ਦਰਜ ਕੀਤੀਆਂ ਗਈਆਂ ਹਨ | ਉਨ੍ਹਾਂ ਦੱਸਿਆ ਕਿ ਇਸ ਛਾਪੇਮਾਰੀ ਦੌਰਾਨ 1,41,900 ਗੋਲੀਆਂ, 3,64,230 ਕੈਪਸੂਲ, 140 ਕਿੱਟਾਂ ਬਰਾਮਦ ਕੀਤੀਆਂ ਗਈਆਂ | ਉਨ੍ਹਾਂ ਦੱਸਿਆ ਕਿ ਬਰਾਮਦ ਦਵਾਈਆਂ ਦੀ ਕੁਲ ਕੀਮਤ ਲਗਪਗ 1,22,87,030 ਰੁਪਏ ਅੰਕਿਤ ਕੀਤੀ ਗਈ ਹੈ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸਪੱਸ਼ਟ ਕੀਤਾ ਗਿਆ ਕਿ ਨਸ਼ੀਲੀ ਤੇ ਨਿਯੰਤਰਿਤ ਦਵਾਈਆਂ ਦੀ ਗ਼ੈਰਕਾਨੰੂਨੀ ਸਟੋਰੇਜ ਅਤੇ ਵਿੱਕਰੀ ਖ਼ਿਲਾਫ਼ ਅਜਿਹੀਆਂ ਕਾਰਵਾਈਆਂ ਅੱਗੇ ਵੀ ਸਖ਼ਤੀ ਨਾਲ ਜਾਰੀ ਰਹਿਣਗੀਆਂ ਤੇ ਦੋਸ਼ੀਆਂ ਨੂੰ ਕਿਸੇ ਵੀ ਕੀਮਤ 'ਤੇ ਬਖ਼ਸ਼ਿਆ ਨਹੀਂ ਜਾਵੇਗਾ |