ਬੱਲੂਆਣਾ, 4 ਜਨਵਰੀ (ਜਸਮੇਲ ਸਿੰਘ ਢਿੱਲੋਂ)-ਭਾਵੇਂ ਮੌਕੇ ਦੀ ਸਰਕਾਰ ਤੇ ਪਿਛਲੇ ਸਮੇਂ ਦੀਆਂ ਸਰਕਾਰਾਂ ਵਲੋਂ ਹਲਕਾ ਬੱਲੂਆਣਾ 'ਚ ਕੀਤੇ ਵਿਕਾਸ ਕਾਰਜਾਂ ਦਾ ਹਮੇਸ਼ਾ ਢੰਡੋਰਾ ਪਿੱਟਿਆ ਜਾ ਰਿਹਾ ਹੈ ਪਰ ਜੇਕਰ ਜ਼ਮੀਨੀ ਪੱਧਰ 'ਤੇ ਦੇਖਿਆ ਜਾਵੇ ਤਾਂ ਅਜੇ ਵੀ ਬਹੁਤੇ ਪਿੰਡਾਂ ਦੀਆਂ ਗਲੀਆਂ ਦਾ ਬੁਰਾ ਹਾਲ ਹੈ | ਕਈ ਪਿੰਡਾਂ ਦੀਆਂ ਗਲੀਆਂ ਹਾਲੇ ਵੀ ਕੱਚੀਆਂ ਹਨ ਤੇ ਉਨ੍ਹਾਂ ਗਲੀਆਂ ਵਿਚੋਂ ਕੋਈ ਵੀ ਸਾਧਨ ਲੰਘਾਉਣਾ ਤਾਂ ਦੂਰ ਦੀ ਗੱਲ ਹੈ ਪੈਦਲ ਲੰਘਣਾ ਵੀ ਔਖਾ ਹੈ | ਇਹ ਬੱਲੂਆਣੇ ਹਲਕੇ ਦੇ ਇਕ ਪਿੰਡ ਦੀ ਗੱਲ ਨਹੀਂ ਸਗੋਂ ਬਹੁਤੇ ਪਿੰਡਾਂ ਵਿਚ ਇਹੋ ਹੀ ਹਾਲ ਹੈ | ਜੇਕਰ ਹਲਕੇ ਦੇ ਪਿੰਡ ਹਿੰਮਤਪੁਰਾ ਦੀ ਗੱਲ ਕਰੀਏ ਤਾਂ ਪਿੰਡ ਦੀਆਂ 4, 5 ਗਲੀਆਂ ਅਜਿਹੀਆਂ ਹਨ ਜਿਨ੍ਹਾਂ ਵੱਲ ਪਿਛਲੇ 25 ਸਾਲਾਂ ਤੋਂ ਕਿਸੇ ਸਰਕਾਰ ਦਾ ਮੂੰਹ ਨਹੀਂ ਹੋਇਆ | ਪਿੰਡ ਦੇ ਲੋਕਾਂ ਦੀ ਹਲਕਾ ਵਿਧਾਇਕ ਅਮਨਦੀਪ ਸਿੰਘ ਗੋਲਡੀ ਮੁਸਾਫਿਰ ਤੋਂ ਮੰਗ ਹੈ ਕਿ ਉਕਤ ਗਲੀਆਂ ਵੱਲ ਧਿਆਨ ਕਰਕੇ ਜਲਦੀ ਪੱਕੀਆਂ ਕਰਵਾਈਆਂ ਜਾਣ |