18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-01-2026

ਮਾਲਵਾ ਨਹਿਰ ਪ੍ਰਾਜੈਕਟ ਦਾ ਕਿਸਾਨਾਂ ਵਲੋਂ ਵਿਰੋਧ ਸ਼ੁਰੂ

Ad Position 21
No active advertisement
ਅਜੀਤ ਡੈਸਕ 06-01-2026
ਤਲਵੰਡੀ ਭਾਈ, 5 ਜਨਵਰੀ (ਕੁਲਜਿੰਦਰ ਸਿੰਘ ਗਿੱਲ)-ਪੰਜਾਬ ਸਰਕਾਰ ਵਲੋਂ ਸਿੰਚਾਈ ਲੋੜਾਂ ਦੀ ਪੂਰਤੀ ਲਈ ਹਰੀਕੇ ਹੈੱਡ ਵਰਕਸ ਤੋਂ ਸ੍ਰੀ ਮੁਕਤਸਰ ਸਾਹਿਬ ਤੱਕ ਨਵੀਂ ਨਹਿਰ ਦੇ ਪ੍ਰਾਜੈਕਟ ਨੂੰ ਮਨਜ਼ੂਰੀ ਦਿੱਤੀ ਗਈ ਹੈ ਅਤੇ ਮਾਲਵਾ ਨਹਿਰ ਦੇ ਨਾਂਅ ਨਾਲ ਤਜਵੀਜ਼ਸ਼ੁਦਾ ਇਸ ਨਹਿਰ ਦੇ ਨਿਰਮਾਣ ਲਈ ਪ੍ਰਕਿਰਿਆ ਪ੍ਰਗਤੀ ਅਧੀਨ ਹੈ | ਪਰ ਇਸ ਨਹਿਰ ਦਾ ਸ੍ਰੀ ਮੁਕਤਸਰ ਸਾਹਿਬ, ਫ਼ਰੀਦਕੋਟ ਤੇ ਫ਼ਿਰੋਜ਼ਪੁਰ ਖੇਤਰ ਦੇ ਕਿਸਾਨੀ ਨਾਲ ਜੁੜੇ ਕੁੱਝ ਲੋਕਾਂ ਵਲੋਂ ਹੀ ਵਿਰੋਧ ਸ਼ੁਰੂ ਕਰ ਦਿੱਤਾ ਗਿਆ ਹੈ | ਇਸ ਸੰਬੰਧੀ ਸਰਹਿੰਦ ਫੀਡਰ ਨਹਿਰ ਤੇ ਲਿਫ਼ਟ ਪੰਪ ਲਗਾ ਕੇ ਸਿੰਚਾਈ ਲਈ ਪਾਣੀ ਵਰਤ ਰਹੇ ਕਿਸਾਨਾਂ ਦੀ ਐਸੋਸੀਏਸ਼ਨ ਦੇ ਆਗੂ ਹਰਿੰਦਰ ਸਿੰਘ ਥਾਂਦੇਵਾਲਾ ਦੀ ਅਗਵਾਈ ਹੇਠ ਸੰਘਰਸ਼ ਆਰੰਭ ਕਰ ਦਿੱਤਾ ਗਿਆ, ਜਿਸ ਨੂੰ ਲੈ ਕੇ ਉਕਤ ਕਿਸਾਨਾਂ ਵਲੋਂ ਇਥੋਂ ਨਜ਼ਦੀਕੀ ਪਿੰਡ ਨਰੈਣਗੜ੍ਹ ਵਿਖੇ ਇਕੱਤਰਤਾ ਕੀਤੀ ਗਈ, ਜਿਸ ਨੂੰ ਸੰਬੋਧਨ ਕਰਦੇ ਹੋਏ ਹਰਿੰਦਰ ਸਿੰਘ ਥਾਂਦੇਵਾਲਾ ਨੇ ਕਿਹਾ ਕਿ ਮਾਲਵਾ ਨਹਿਰ ਸੰਬੰਧਿਤ ਇਲਾਕਿਆਂ ਦੇ ਕਿਸਾਨਾਂ ਲਈ ਬੇਲੋੜਾ ਪ੍ਰਾਜੈਕਟ ਹੈ | ਇਸ ਨਾਲ ਫ਼ਿਰੋਜ਼ਪੁਰ, ਫ਼ਰੀਦਕੋਟ, ਮੁਕਤਸਰ ਸਾਹਿਬ ਦੇ ਕਿਸਾਨਾਂ ਨੂੰ ਕੋਈ ਲਾਭ ਨਹੀਂ ਮਿਲਣ ਵਾਲਾ | ਉਨ੍ਹਾਂ ਕਿਹਾ ਕਿ ਕਿਸਾਨਾਂ ਵਲੋਂ ਸੈਂਕੜੇ ਕਰੋੜ ਰੁਪਏ ਖ਼ਰਚ ਕੇ ਸਰਹਿੰਦ ਫੀਡਰ ਨਹਿਰ ਤੇ ਲਿਫ਼ਟ ਪੰਪ ਲਗਾਏ ਗਏ ਹਨ, ਜਿਸ ਨਾਲ ਰਾਜਸਥਾਨ ਫੀਡਰ ਤੋਂ ਪਾਰ ਚੜ੍ਹਦੇ ਵਾਲੇ ਪੈਂਦੇ ਕਿਸਾਨਾਂ ਨੂੰ ਸਿੰਚਾਈ ਦੀ ਵੱਡੀ ਸਹੂਲਤ ਮਿਲ ਰਹੀ ਹੈ ਪਰ ਪੰਜਾਬ ਸਰਕਾਰ ਦਾ ਇਹ ਨਹਿਰ ਪ੍ਰਾਜੈਕਟ ਜਿਸ ਉੱਪਰ 2300 ਕਰੋੜ ਰੁਪਏ ਖ਼ਰਚਿਆਂ ਜਾਣਾ ਹੈ ਪੈਸੇ ਦੀ ਬਰਬਾਦੀ ਤੋਂ ਸਿਵਾਏ ਹੋਰ ਕੁੱਝ ਨਹੀਂ ਹੈ | ਜਦਕਿ ਇਸ ਨਹਿਰ ਨਾਲ ਇਸ ਖੇਤਰ ਦੇ ਕਿਸਾਨਾਂ ਨੂੰ ਬੁੱਢੇ ਨਾਲੇ ਵਾਲਾ ਗੰਦਾ ਅਤੇ ਦੂਸ਼ਿਤ ਪਾਣੀ ਮਿਲੇਗਾ, ਜਿਸ ਨਾਲ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਦਾ ਪਸਾਰਾ ਹੋਵੇਗਾ | ਇਸ ਮੌਕੇ ਆਗੂਆਂ ਨੇ ਮੰਗ ਉਠਾਈ ਕਿ ਮਾਲਵਾ ਨਹਿਰ ਨੂੰ ਰਾਜਸਥਾਨ ਫੀਡਰ ਤੇ ਨਾਲੋ-ਨਾਲ ਕੱਢਣ ਦੀ ਬਜਾਏ ਮੋਗਾ ਤੋਂ ਚੜ੍ਹਦੇ ਪਾਸਿਓ ਕੱਢਿਆ ਜਾਵੇ, ਜਿਸ ਨਾਲ ਮਾਲਵੇ ਦਾ ਵੱਡਾ ਹਿੱਸਾ ਨਹਿਰੀ ਸਿੰਚਾਈ ਅਧੀਨ ਆ ਜਾਵੇਗਾ | ਇਸ ਮੌਕੇ ਆਗੂਆਂ ਨੇ ਐਲਾਨ ਕੀਤਾ ਕਿ ਇਸ ਨਹਿਰ ਦੇ ਵਿਰੋਧ ਵਜੋਂ ਪੁਰ ਅਮਨ ਢੰਗ ਨਾਲ ਰੋਸ ਪ੍ਰਦਰਸ਼ਨ ਕਰਨ ਤੋਂ ਇਲਾਵਾ ਅਦਾਲਤੀ ਲੜਾਈ ਲੜੀ ਜਾਵੇਗੀ | ਮੀਟਿੰਗ ਦੌਰਾਨ ਗੁਰਬਿੰਦਰ ਸਿੰਘ ਟਹਿਣਾ, ਮਨਦੀਪ ਸਿੰਘ ਮੋਰਾਂਵਾਲੀ, ਜਗਜੀਤ ਸਿੰਘ ਭੰਗਾਲੀ ਸਾਬਕਾ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਹਰਜੀਤ ਸਿੰਘ ਗਿੱਲ, ਅੰਗਰੇਜ਼ ਸਿੰਘ ਗਿੱਲ ਸਾਬਕਾ ਸਰਪੰਚ ਨਰੈਣਗੜ੍ਹ, ਅਜੈਬ ਸਿੰਘ ਸਾਬਕਾ ਸਰਪੰਚ ਕਰਮੂਵਾਲਾ, ਮਨਜਿੰਦਰ ਸਿੰਘ, ਨਸੀਬ, ਅਮਰਜੋਤ ਸਿੰਘ ਸੁਲਹਾਣੀ, ਸੁਖਦੇਵ ਸਿੰਘ, ਜਗਜੀਤ ਸਿੰਘ ਨਰੈਣਗੜ੍ਹ, ਪਰਮਜੀਤ ਸਿੰਘ ਭੰਗਾਲੀ, ਗੁਰਚਰਨ ਸਿੰਘ ਜੋਈਆਂ ਵਾਲਾ, ਲਖਵਿੰਦਰ ਸਿੰਘ ਕਰਮੂਵਾਲਾ ਉਪ ਪ੍ਰਧਾਨ ਭਾਕਿਯੂ ਪੰਜਾਬ, ਗੁਰਵਿੰਦਰ ਸਿੰਘ ਮੋਹਕਮ ਵਾਲਾ, ਜਲੌਰ ਸਿੰਘ ਮਣਕਿਆਂ ਵਾਲੀ, ਰਣਬੀਰ ਸਿੰਘ, ਰਾਜਬੀਰ ਸਿੰਘ, ਮਨਦੀਪ ਸਿੰਘ, ਸੁਖਦੀਪ ਸਿੰਘ ਹਕੂਮਤ ਵਾਲਾ, ਹਰਨੇਕ ਸਿੰਘ ਠੇਠਰ ਕਲਾਂ, ਜਸਮੇਲ ਸਿੰਘ ਠੇਠਰ ਕਲਾਂ ਆਦਿ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ 2500 ਲੀਟਰ ਲਾਹਣ ਬਰਾਮਦ, ਇਕ ਵਿਅਕਤੀ ਵਿਰੁੱਧ ਪਰਚਾ ਦਰਜ ਅਗਲੀ ਖ਼ਬਰ ਪਿੰਡ ਕਿਲਚੇ 'ਚ ਨਸ਼ਾ ਤਸਕਰਾਂ ਦੇ ਘਰ 'ਤੇ ਚੱਲਿਆ ਪੀਲਾ ਪੰਜਾ, ਦੋ ਭਰਾ ਤੇ ਮਾਤਾ ਜੇਲ੍ਹ 'ਚ ਬੰਦ
Ad Position 24