ਫ਼ਾਜ਼ਿਲਕਾ, 5 ਜਨਵਰੀ (ਦਵਿੰਦਰ ਪਾਲ ਸਿੰਘ)-ਸਮਾਜ ਸੇਵਾ ਦੇ ਖੇਤਰ ਵਿਚ ਮੋਹਰੀ ਸੰਸਥਾ ਮਾਨਵ ਕਲਿਆਣ ਸਭਾ ਬਿਰਧ ਆਸ਼ਰਮ ਦੀ ਇਕ ਵਿਸ਼ੇਸ਼ ਮੀਟਿੰਗ ਆਸ਼ਰਮ ਦੇ ਵਿਹੜੇ 'ਚ ਸਭਾ ਦੇ ਪ੍ਰਧਾਨ ਅਸ਼ੋਕ ਬੁਧੀਰਾਜਾ ਦੀ ਪ੍ਰਧਾਨਗੀ ਹੇਠ ਹੋਈ | ਜਾਣਕਾਰੀ ਦਿੰਦੇ ਹੋਏ ਸਭਾ ਦੇ ਪ੍ਰੈੱਸ ਸਕੱਤਰ ਲੀਲਾਧਰ ਸ਼ਰਮਾ ਨੇ ਦੱਸਿਆ ਕਿ ਮੀਟਿੰਗ ਦੌਰਾਨ ਬਿਰਧ ਆਸ਼ਰਮ 'ਚ ਚੱਲ ਰਹੇ ਵਿਕਾਸ ਕਾਰਜਾਂ ਬਾਰੇ ਚਰਚਾ ਕੀਤੀ ਗਈ | ਪ੍ਰਧਾਨ ਅਸ਼ੋਕ ਬੁਧੀਰਾਜਾ ਨੇ ਦੱਸਿਆ ਕਿ ਆਸ਼ਰਮ ਦੀ ਸੁਰੱਖਿਆ ਨੂੰ ਮੁੱਖ ਰੱਖਦਿਆਂ ਪੂਰੇ ਵਿਹੜੇ 'ਚ ਸੀ. ਸੀ. ਟੀ. ਵੀ. ਕੈਮਰੇ ਲਗਾਏ ਜਾ ਰਹੇ ਹਨ | ਇਨ੍ਹਾਂ ਕੈਮਰਿਆਂ ਰਾਹੀਂ ਆਸ਼ਰਮ ਦੀ ਸੁਰੱਖਿਆ ਦੇ ਨਾਲ-ਨਾਲ ਬਜ਼ੁਰਗਾਂ ਦੀ ਦੇਖਭਾਲ 'ਤੇ ਵੀ ਨਿਗਰਾਨੀ ਰੱਖੀ ਜਾ ਸਕੇਗੀ | ਉਨ੍ਹਾਂ ਭਰੋਸਾ ਦਿੱਤਾ ਕਿ ਆਸ਼ਰਮ 'ਚ ਰਹਿ ਰਹੇ ਬਜ਼ੁਰਗਾਂ ਦੀ ਸੇਵਾ ਵਿਚ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ | ਸਭਾ ਨੇ ਫ਼ੈਸਲਾ ਲਿਆ ਹੈ ਕਿ ਆਪਸੀ ਵਿਚਾਰ-ਵਟਾਂਦਰੇ ਲਈ ਹਰ ਮਹੀਨੇ ਦੇ ਅੰਤ ਵਿਚ ਅਜਿਹੀ ਮੀਟਿੰਗ ਬੁਲਾਈ ਜਾਵੇਗੀ | ਮੀਟਿੰਗ 'ਚ ਜਨਰਲ ਸਕੱਤਰ ਸੁਰਿੰਦਰ ਮੂਲੜੀ, ਖ਼ਜ਼ਾਨਚੀ ਰਮੇਸ਼ ਕਪੂਰ, ਇੰਦਰ ਸਿੰਘ ਸੈਣੀ, ਉਪ ਪ੍ਰਧਾਨ ਜਸਵੰਤ ਰਾਏ, ਮੀਡੀਆ ਇੰਚਾਰਜ ਸਤੀਸ਼ ਜੋਸ਼ੀ, ਕਾਰਜਕਾਰੀ ਮੈਂਬਰ ਸਤਪਾਲ ਗੁਪਤਾ ਤੇ ਸਮਾਜ ਸੇਵਕ ਵਿਨੋਦ ਮੱਕੜ ਨੇ ਵੀ ਸ਼ਿਰਕਤ ਕੀਤੀ ਅਤੇ ਆਪਣੇ ਕੀਮਤੀ ਵਿਚਾਰ ਸਾਂਝੇ ਕੀਤੇ |