ਫ਼ਾਜ਼ਿਲਕਾ, 5 ਜਨਵਰੀ (ਦਵਿੰਦਰ ਪਾਲ ਸਿੰਘ)-ਫ਼ਾਜ਼ਿਲਕਾ ਇਲਾਕੇ ਦੀ ਸੰਗਤ ਦੀ ਪੁਰਾਣੀ ਮੰਗ ਦੀ ਫ਼ਾਜ਼ਿਲਕਾ ਸ਼ਹਿਰ ਅੰਦਰ ਗੁਰੂ ਤੇਗ਼ ਬਹਾਦਰ ਸਾਹਿਬ ਦੀ ਯਾਦ ਨੂੰ ਸਮਰਪਿਤ ਚੌਕ ਦੀ ਸਥਾਪਨਾ ਕੀਤੀ ਜਾਵੇ, ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਦੀ ਪ੍ਰਬੰਧਕ ਕਮੇਟੀ ਵਲੋਂ ਇਸ ਸੰਬੰਧੀ ਸਮੇਂ-ਸਮੇਂ 'ਤੇ ਪ੍ਰਸ਼ਾਸਨ ਕੋਲ ਬੇਨਤੀ ਵੀ ਕੀਤੀ ਜਾਂਦੀ ਰਹੀ, ਜਦ ਕਿ ਹੁਣ ਹਲਕੇ ਦੇ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਤੇ ਉਨ੍ਹਾਂ ਦੀ ਧਰਮ-ਪਤਨੀ ਸ੍ਰੀਮਤੀ ਖ਼ੁਸ਼ਬੂ ਸਾਵਣ ਸੁੱਖਾ ਨੇ ਵਿਸ਼ੇਸ਼ ਰੁਚੀ ਲੈ ਕੇ ਬੀਕਾਨੇਰੀ ਰੋਡ 'ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਥਾਂ ਮੁਹੱਈਆ ਕਰਵਾਈ, ਜਿਸ 'ਤੇ ਗੁਰੂ ਸਾਹਿਬ ਦੀ ਯਾਦ ਨੂੰ ਸਮਰਪਿਤ ਖੰਡਾ ਸਾਹਿਬ ਦੀ ਸਥਾਪਨਾ ਕੀਤੀ ਜਾ ਰਹੀ ਹੈ | ਗੁਰਦੁਆਰਾ ਸਾਹਿਬ ਵਿਖੇ ਪੁੱਜੇ ਵਿਧਾਇਕ ਸਵਨਾ ਤੋਂ ਸੰਗਤ ਦੀ ਮੰਗ 'ਤੇ ਪੁਰਾਣੀ ਬੀਕਾਨੇਰੀ ਰੋਡ ਦਾ ਨਾਂਅ ਪਾਣੀ ਵਾਲੀ ਟੈਂਕੀ ਤੋਂ ਲੈ ਕੇ ਐੱਸ. ਡੀ. ਆਈ. ਸਕੂਲ ਤੱਕ ਸੜਕ ਦਾ ਨਾਂਅ ਗੁਰੂ ਤੇਗ਼ ਬਹਾਦਰ ਮਾਰਗ ਰੱਖਣ ਦਾ ਐਲਾਨ ਕੀਤਾ | ਜਿਸ ਸੰਬੰਧੀ ਨਗਰ ਕੌਂਸਲ ਦੇ ਸਮੂਹ ਮੈਂਬਰਾਂ ਨੇ ਇਸ ਮਤੇ ਨੂੰ ਸਰਬਸੰਮਤੀ ਨਾਲ ਪ੍ਰਵਾਨ ਕੀਤਾ | ਇਸ ਮੌਕੇ ਵਿਧਾਇਕ ਸਵਨਾ ਨੇ ਕਿਹਾ ਕਿ ਚੌਕ ਦਾ ਹੋਰ ਨਵੀਨੀਕਰਨ ਕਰਨ ਲਈ ਵੀ ਨਗਰ ਕੌਂਸਲ ਵਲੋਂ ਟੈਂਡਰ ਲਗਾਏ ਗਏ ਹਨ | ਜਲਦੀ ਹੀ ਕੰਮ ਪੂਰਾ ਹੋਣ ਉਪਰੰਤ ਸੰਗਤਾਂ ਵਲੋਂ ਹੀ ਇਸ ਦਾ ਉਦਘਾਟਨ ਕਰਵਾਇਆ ਜਾਵੇਗਾ | ਗੁਰੂ ਗੋਬਿੰਦ ਸਿੰਘ ਜੀ ਦੇ ਆਗਮਨ ਦਿਵਸ ਨੂੰ ਸਮਰਪਿਤ ਨਤਮਸਤਕ ਹੋਣ ਪੁੱਜੇ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਤੇ ਉਨ੍ਹਾਂ ਦੀ ਧਰਮ-ਪਤਨੀ ਸ੍ਰੀਮਤੀ ਖ਼ੁਸ਼ਬੂ ਸਾਵਨਸੁੱਖਾ ਨੂੰ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਇਨ੍ਹਾਂ ਕਾਰਜਾਂ ਦਾ ਧੰਨਵਾਦ ਕਰਦਿਆਂ ਉਨ੍ਹਾਂ ਨੂੰ ਸਨਮਾਨਿਤ ਕੀਤਾ | ਇਸ ਮੌਕੇ ਮਹਿੰਦਰ ਸਿੰਘ ਖ਼ਾਲਸਾ, ਭਾਈ ਕੰਵਲਜੀਤ ਸਿੰਘ, ਦਵਿੰਦਰ ਸਿੰਘ, ਜਰਨੈਲ ਸਿੰਘ ਤਨੇਜਾ, ਪ੍ਰਭਜੀਤ ਸਿੰਘ, ਅਮਰ ਸਿੰਘ ਕਾਠਪਾਲ, ਡਾ. ਬਲਬੀਰ ਸਿੰਘ, ਹਰਸਿਮਰਨਜੀਤ ਸਿੰਘ, ਦਵਿੰਦਰ ਸਿੰਘ ਅਹੂਜਾ, ਅਮਰਜੀਤ ਸਿੰਘ ਸੰਧੂ ਆਦਿ ਹਾਜ਼ਰ ਸਨ |