ਫ਼ਾਜ਼ਿਲਕਾ, 5 ਜਨਵਰੀ (ਦਵਿੰਦਰ ਪਾਲ ਸਿੰਘ)-ਪੰਜਾਬ ਸਰਕਾਰ ਵਲੋਂ ਪੰਜਾਬ ਨਿਵਾਸੀਆਂ ਨੂੰ ਚੰਗੀ ਸਿਹਤ ਦੇ ਮਨਸੂਬੇ ਨਾਲ ਘਰ ਦੇ ਨੇੜੇ ਮੁਫ਼ਤ ਸਿਹਤ ਸਹੂਲਤਾਂ ਦੇਣ ਲਈ ਵਚਨਬੱਧ ਹੈ | ਇਸ ਲਈ ਪੰਜਾਬ ਸਰਕਾਰ ਵਲੋਂ ਹਰੇਕ ਪਰਿਵਾਰ ਦੇ ਇਲਾਜ ਲਈ 15 ਜਨਵਰੀ 2026 ਤੋਂ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਅਧੀਨ 10 ਲੱਖ ਰੁਪਏ ਤੱਕ ਦਾ ਸਿਹਤ ਬੀਮਾ ਕਾਰਡ ਲਾਗੂ ਕਰਨ ਦਾ ਫ਼ੈਸਲਾ ਲਿਆ ਹੈ | ਇਸ ਸੰਬੰਧੀ ਡਾ. ਕਵਿਤਾ ਸਿੰਘ ਨੇ ਦੱਸਿਆ ਕਿ ਇਹ ਕਾਰਡ 8 ਜਨਵਰੀ 2026 ਤੋਂ ਬਣਨੇ ਸ਼ੁਰੂ ਹੋ ਜਾਣਗੇ | ਯੋਜਨਾ ਨੂੰ ਲੈ ਕੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਵਲੋਂ ਉਪਰਾਲੇ ਤੇ ਟ੍ਰੇਨਿੰਗਾਂ ਕਰਵਾਈਆਂ ਜਾ ਰਹੀਆਂ ਹਨ | ਇਸ ਤੋਂ ਪਹਿਲਾਂ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਦੀ ਪੰਜ ਲੱਖ ਰੁਪਏ ਤੱਕ ਦੇ ਇਲਾਜ ਦੀ ਆਯੁਸ਼ਮਾਨ ਯੋਜਨਾ ਤਹਿਤ ਜ਼ਿਲੇ੍ਹ 'ਚ 1.81 ਲੱਖ ਕਾਰਡ ਰਜਿਸਟਰਡ ਹਨ, ਜੋ ਇਸ ਦਾ ਲਾਭ ਲੈ ਰਹੇ ਹਨ | ਸਹਾਇਕ ਸਿਵਲ ਸਰਜਨ ਡਾ. ਰੋਹਿਤ ਗੋਇਲ ਨੇ ਦੱਸਿਆ ਕਿ ਜ਼ਿਲ੍ਹਾ ਫ਼ਾਜ਼ਿਲਕਾ 'ਚ ਹੁਣ ਤੱਕ 16 ਸਰਕਾਰੀ ਤੇ ਪ੍ਰਾਈਵੇਟ ਹਸਪਤਾਲ ਸੂਚੀਬੱਧ ਹਨ ਅਤੇ ਹੋਰ ਹਸਪਤਾਲ ਸੂਚੀਬੱਧ ਕੀਤੇ ਜਾਣਗੇ | ਇਲਾਜ ਦੌਰਾਨ ਕਿਸੇ ਵੀ ਕਿਸਮ ਦਾ ਭੁਗਤਾਨ ਨਹੀਂ ਕਰਨਾ ਹੋਵੇਗਾ | ਹਸਪਤਾਲ ਵਿਚ ਭਰਤੀ ਸਮੇਂ ਕੇਵਲ ਸਿਹਤ ਬੀਮਾ ਕਾਰਡ ਤੇ ਪਛਾਣ ਪੱਤਰ ਦਿਖਾਉਣਾ ਹੋਵੇਗਾ, ਉਨ੍ਹਾਂ ਕਿਹਾ ਕਿ ਇਸ ਯੋਜਨਾ ਅਧੀਨ ਸਾਰੇ ਰਿਕਾਰਡ ਡਿਜੀਟਲ ਕੀਤੇ ਜਾਣਗੇ ਅਤੇ ਇਸ ਯੋਜਨਾ ਦੀ ਦੁਰਵਰਤੋਂ ਨੂੰ ਰੋਕਣ ਲਈ ਪ੍ਰਬੰਧ ਕੀਤੇ ਜਾ ਰਹੇ ਹਨ | ਡਾ ਐਰਿਕ ਡਿਪਟੀ ਮੈਡੀਕਲ ਕਮਿਸ਼ਨਰ ਨੇ ਦੱਸਿਆ ਕਿ ਜਿਨ੍ਹਾਂ ਲੋਕਾਂ ਨੇ ਪੰਜ ਲੱਖ ਰੁਪਏ ਦੀ ਯੋਜਨਾ ਦਾ ਕਾਰਡ ਬਣਵਾਇਆ ਹੋਇਆ ਹੈ, ਉਹ ਪੰਜਾਬ ਸਰਕਾਰ ਦੀ ਦਸ ਲੱਖ ਦੀ ਯੋਜਨਾ ਦਾ ਵੀ ਲਾਭ ਲੈ ਸਕਣਗੇ | ਇਸ ਲਈ ਉਨ੍ਹਾਂ ਦੀ ਰੀ-ਕੇ. ਵਾਈ. ਸੀ. ਕੀਤੀ ਜਾਵੇਗੀ ਤੇ ਪੰਜਾਬ ਸਰਕਾਰ ਦੇ ਕਾਰਡ ਵਿਚ ਮਰਜ਼ ਕੀਤਾ ਜਾਵੇਗਾ | ਇਸ ਮੌਕੇ ਆਯੂਸ਼ਮਾਨ ਜ਼ਿਲ੍ਹਾ ਕੋਆਰਡੀਨੇਟਰ ਪਿ੍ਆ, ਮਾਸ ਮੀਡੀਆ ਵਿੰਗ ਤੋਂ ਵਿਨੋਦ ਕੁਮਾਰ, ਮਨਬੀਰ ਸਿੰਘ, ਦਿਵੇਸ਼ ਕੁਮਾਰ ਮੌਜੂਦ ਸਨ |