ਜ਼ੀਰਾ, 24 ਜਨਵਰੀ (ਰਜਨੀਸ਼ ਕਥੂਰੀਆ)-ਸਹਾਇਕ ਡਾਇਰੈਕਟਰ ਦਵਿੰਦਰ ਸਿੰਘ ਲੋਟੇ ਦੀ ਅਗਵਾਈ ਹੇਠ ਸ੍ਰੀ ਹੇਮਕੁੰਟ ਸੀਨੀਅਰ ਸੈਕੰਡਰੀ ਸਕੂਲ ਕੋਟ-ਈਸੇ-ਖਾਂ ਵਿਖੇ ਐਨ. ਐੱਸ. ਐੱਸ. ਵਲੋਂ ਵਲੰਟੀਅਰਜ਼ ਵੋਟਰ ਜਾਗਰੂਕਤਾ ਕੈਂਪ ਲਗਾਇਆ | ਵੋਟਰ ਦਿਵਸ ਮਨਾਉਣ ਦਾ ਮਕਸਦ ਵਿਦਿਆਰਥੀਆਂ 'ਚ ਲੋਕਤੰਤਰ ਮੁੱਲਾਂ ਅਤੇ ਵੋਟ ਦੇ ਅਧਿਕਾਰ ਬਾਰੇ ਜਾਗਰੂਕਤਾ ਪੈਦਾ ਕਰਨਾ ਹੈ | ਇਸ ਵੋਟਰ ਦਿਵਸ ਦੌਰਾਨ ਪ੍ਰੋਗਰਾਮ ਅਫ਼ਸਰ ਦੀ ਨਿਗਰਾਨੀ 'ਚ ਐੱਨ. ਐੱਸ. ਐੱਸ. ਵਲੰਟੀਅਰਜ਼ ਵਲੋਂ ਵਿਸ਼ੇਸ਼ ਗਤੀਵਿਧੀਆਂ ਕਰਵਾਈਆਂ ਗਈਆਂ | ਵਿਦਿਆਰਥੀਆਂ ਨੇ ਵੋਟ ਦੀ ਮਹੱਤਤਾ ਬਾਰੇ ਭਾਸ਼ਨ ਦਿੱਤੇ, ਪੋਸਟਰ ਤਿਆਰ ਕੀਤੇ ਤੇ ਹਰ ਵੋਟ ਕੀਮਤੀ ਹੈ, ਦਾ ਸੰਦੇਸ਼ ਦਿੱਤਾ | ਵਲੰਟੀਅਰਜ਼ ਵਲੋਂ ਸਭ ਨੂੰ ਜ਼ਿੰਮੇਵਾਰ ਨਾਗਰਿਕ ਬਣਨ ਲਈ ਪ੍ਰੇਰਿਤ ਕੀਤਾ ਗਿਆ | ਇਸ ਮੌਕੇ ਹੇਮਕੁੰਟ ਸੰਸਥਾਵਾਂ ਦੇ ਚੇਅਰਮੈਨ ਕੁਲਵੰਤ ਸਿੰਘ ਸੰਧੂ ਅਤੇ ਐਮ. ਡੀ., ਮੈਡਮ ਰਣਜੀਤ ਕੌਰ ਸੰਧੂ ਨੇ ਆਪਣੇ ਸੰਦੇਸ਼ 'ਚ ਕਿਹਾ ਕਿ ਵੋਟ ਪਾਉਣਾ ਹਰ ਨਾਗਰਿਕ ਦਾ ਮੂਲ ਅਧਿਕਾਰ ਤੇ ਫ਼ਰਜ਼ ਹੈ | ਉਨ੍ਹਾਂ ਨੇ ਵਿਦਿਆਰਥੀਆਂ ਨੂੰ ਭਵਿੱਖ ਵਿਚ ਸੋਚ-ਵਿਚਾਰ ਨਾਲ ਤੇ ਨਿਡਰ ਹੋ ਕੇ ਵੋਟ ਪਾਉਣ ਲਈ ਉਤਸ਼ਾਹਿਤ ਕੀਤਾ | ਇਸ ਸਮੇਂ ਪਿ੍ੰਸੀਪਲ ਮੈਡਮ ਰਮਨਜੀਤ ਕੌਰ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਲੋਕਤੰਤਰ ਦੀ ਮਜ਼ਬੂਤੀ ਨੌਜਵਾਨਾਂ ਦੀ ਸੂਝ-ਬੂਝ ਤੇ ਸਹਿਯੋਗ 'ਤੇ ਨਿਰਭਰ ਕਰਦੀ ਹੈ |