ਗੁਰੂਹਰਸਹਾਏ, 25 ਜਨਵਰੀ (ਕਪਿਲ ਕੰਧਾਰੀ)-ਸ਼ਹਿਰ ਦੀ ਨਗਰ ਕੌਂਸਲ ਦੀ ਲਾਪਰਵਾਹੀ ਇਕ ਵਾਰ ਫਿਰ ਲੋਕਾਂ ਲਈ ਮੁਸ਼ਕਿਲਾਂ ਦਾ ਕਾਰਨ ਬਣੀ | ਪਿਛਲੇ ਕਰੀਬ 72 ਘੰਟਿਆਂ ਤੋਂ ਵੱਧ ਸਮੇਂ ਤੋਂ ਪਾਣੀ ਸਪਲਾਈ ਦੀ ਮੋਟਰ ਖ਼ਰਾਬ ਹੋਈ ਪਈ ਸੀ, ਪਰ ਨਗਰ ਕੌਂਸਲ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਵਲੋਂ ਇਸ ਨੂੰ ਠੀਕ ਕਰਵਾਉਣ ਵੱਲ ਕੋਈ ਧਿਆਨ ਨਹੀਂ ਦਿੱਤਾ, ਜਿਸ ਕਾਰਨ ਪਾਣੀ ਦੀ ਸਪਲਾਈ ਨਾ ਆਉਣ ਕਾਰਨ ਸ਼ਹਿਰ ਦੇ ਕਈ ਵਾਰਡਾਂ 'ਚ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ | ਹਾਲਾਤ ਇੱਥੋਂ ਤੱਕ ਪਹੁੰਚ ਗਏ ਕਿ ਮੋਟਰ 'ਚ ਖ਼ਰਾਬੀ ਆ ਜਾਣ ਕਾਰਨ ਕਰੀਬ 72 ਘੰਟਿਆਂ ਤੱਕ ਪਾਣੀ ਦੀ ਸਪਲਾਈ ਪੂਰੀ ਤਰ੍ਹਾਂ ਠੱਪ ਰਹੀ | ਲੋਕਾਂ ਵਲੋਂ ਵਾਰ-ਵਾਰ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਇਸ ਸਮੱਸਿਆ ਦਾ ਹੱਲ ਕਰਨ ਲਈ ਕਿਹਾ ਗਿਆ, ਪਰ ਕਿਸੇ ਵੀ ਅਧਿਕਾਰੀ ਨੇ ਮੌਕੇ 'ਤੇ ਪਹੁੰਚ ਕੇ ਸਮੱਸਿਆ ਦਾ ਹੱਲ ਨਹੀਂ ਕੀਤਾ | ਪਾਣੀ ਨਾ ਆਉਣ ਕਰਕੇ ਘਰੇਲੂ ਕੰਮਕਾਜ, ਪੀਣ ਵਾਲਾ ਪਾਣੀ ਤੇ ਸਫ਼ਾਈ ਵਰਗੀਆਂ ਬੁਨਿਆਦੀ ਜ਼ਰੂਰਤਾਂ ਲਈ ਲੋਕ ਦਰ-ਦਰ ਭਟਕਦੇ ਰਹੇ | ਨਗਰ ਕੌਂਸਲ ਦੀ ਨਾਕਾਮੀ ਤੋਂ ਬਾਅਦ ਇਕ ਸ਼ਹਿਰ ਵਾਸੀ ਵਲੋਂ ਅੱਗੇ ਆ ਕੇ ਆਪਣੇ ਪੱਧਰ 'ਤੇ ਮੋਟਰ ਦੇ ਖ਼ਰਾਬ ਫੇਸ ਨੂੰ ਮਹਿਜ਼ 30 ਮਿੰਟਾਂ 'ਚ ਬਿਜਲੀ ਕਰਮਚਾਰੀ ਨੂੰ ਬੁਲਾ ਕੇ ਠੀਕ ਕਰਵਾਇਆ ਅਤੇ ਜਿਵੇਂ ਹੀ ਫੇਸ ਠੀਕ ਹੋਇਆਂ ਤਾਂ ਉਸੇ ਵੇਲੇ ਪਾਣੀ ਦੀ ਸਪਲਾਈ ਮੁੜ ਬਹਾਲ ਹੋਈ, ਜਿਸ ਨਾਲ ਲੋਕਾਂ ਨੇ ਰਾਹਤ ਦੀ ਸਾਹ ਲਈ | ਇਲਾਕਾ ਵਾਸੀਆਂ ਨੇ ਨਗਰ ਕੌਂਸਲ ਖ਼ਿਲਾਫ਼ ਰੋਸ ਜਤਾਉਂਦਿਆਂ ਕਿਹਾ ਕਿ ਜੇਕਰ ਸਮੇਂ ਸਿਰ ਮੋਟਰ ਤੇ ਫੇਸ ਦੀ ਮੁਰੰਮਤ ਕਰਵਾ ਦਿੱਤੀ ਜਾਂਦੀ ਤਾਂ ਲੋਕਾਂ ਨੂੰ ਇੰਨੀ ਵੱਡੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪੈਂਦਾ | ਲੋਕਾਂ ਨੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਨਗਰ ਕੌਂਸਲ ਦੇ ਜਿਹੜੇ ਅਧਿਕਾਰੀਆਂ ਨੇ ਲਾਪਰਵਾਹੀ ਕੀਤੀ ਹੈ ਉਸ ਦੀ ਜਾਂਚ ਕੀਤੀ ਜਾਵੇ ਤੇ ਦੋਸ਼ੀਆਂ ਖ਼ਿਲਾਫ਼ ਕਾਰਵਾਈ ਹੋਏ ਤਾਂ ਜੋ ਭਵਿੱਖ ਵਿਚ ਅਜਿਹੀ ਸਥਿਤੀ ਦੁਬਾਰਾ ਪੈਦਾ ਨਾ ਹੋਵੇ |