ਫ਼ਿਰੋਜ਼ਪੁਰ, 24 ਫਰਵਰੀ (ਸੁਖਵਿੰਦਰ ਸਿੰਘ)-ਸ਼ਹਿਰ ਦੇ ਨਗਰ ਕੌਂਸਲ ਦਫ਼ਤਰ ਸਾਹਮਣੇ ਉਸ ਵੇਲੇ ਹੜਕੰਪ ਮੱਚ ਗਿਆ ਜਦੋਂ ਇਕ ਅਣਜਾਣ ਡਰਾਈਵਰ ਨੇ ਬੇਧਿਆਨੀ ਨਾਲ ਟਰੈਕਟਰ ਨੂੰ ਫੁੱਟਪਾਥ 'ਤੇ ਚੜ੍ਹਾ ਦਿੱਤਾ | ਇਸ ਘਟਨਾ ਕਾਰਨ ਸੜਕ 'ਤੇ ਟ੍ਰੈਫ਼ਿਕ ਜਾਮ ਲੱਗ ਗਿਆ | ਕੁਝ ਸਮੇਂ ਲਈ ਆਵਾਜਾਈ ਪੂਰੀ ਤਰ੍ਹਾਂ ਪ੍ਰਭਾਵਿਤ ਰਹੀ | ਮੌਕੇ 'ਤੇ ਮੌਜੂਦ ਲੋਕਾਂ ਦੇ ਮੁਤਾਬਿਕ ਡਰਾਈਵਰ ਕੋਲ ਨਾ ਤਾਂ ਡਰਾਈਵਿੰਗ ਲਾਇਸੈਂਸ ਸੀ ਤੇ ਨਾ ਹੀ ਟਰੈਕਟਰ 'ਤੇ ਨੰਬਰ ਪਲੇਟ ਲੱਗੀ ਹੋਈ ਸੀ | ਲੋਕਾਂ ਨੇ ਗ਼ੁੱਸਾ ਜ਼ਾਹਿਰ ਕਰਦਿਆਂ ਸਵਾਲ ਕੀਤਾ ਕਿ ਬਿਨਾਂ ਕਾਗ਼ਜ਼ਾਤ ਵਾਲੇ ਵਾਹਨ ਸੜਕਾਂ 'ਤੇ ਕਿਵੇਂ ਚੱਲ ਰਹੇ ਹਨ ਅਤੇ ਅਜਿਹੇ ਮਾਮਲਿਆਂ ਵਿਚ ਕਾਰਵਾਈ ਕੌਣ ਕਰੇਗਾ | ਚਸ਼ਮਦੀਦਾਂ ਅਨੁਸਾਰ ਡਰਾਈਵਰ ਨੂੰ ਟਰੈਕਟਰ ਢੰਗ ਨਾਲ ਸੰਭਾਲਣਾ ਵੀ ਨਹੀਂ ਆ ਰਿਹਾ ਸੀ, ਜਿਸ ਕਾਰਨ ਵਾਹਨ ਫੁੱਟਪਾਥ 'ਤੇ ਚੜ੍ਹ ਗਿਆ ਅਤੇ ਸਥਿਤੀ ਬੇਕਾਬੂ ਹੋ ਗਈ | ਇਸ ਦੌਰਾਨ ਰਾਹਗੀਰਾਂ ਤੇ ਦੁਕਾਨਦਾਰਾਂ ਨੂੰ ਕਾਫ਼ੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ | ਇਲਾਕਾ ਵਾਸੀਆਂ ਨੇ ਤਿੱਖੀ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਜੇ ਇਸ ਲਾਪ੍ਰਵਾਹੀ ਨਾਲ ਕੋਈ ਜਾਨੀ ਨੁਕਸਾਨ ਹੋ ਜਾਂਦਾ ਤਾਂ ਉਸ ਦੀ ਜ਼ਿੰਮੇਵਾਰੀ ਕੌਣ ਲੈਂਦਾ | ਲੋਕਾਂ ਨੇ ਪ੍ਰਸ਼ਾਸਨ ਤੇ ਟ੍ਰੈਫ਼ਿਕ ਪੁਲਿਸ ਤੋਂ ਮੰਗ ਕੀਤੀ ਹੈ ਕਿ ਬਿਨਾਂ ਲਾਇਸੈਂਸ ਤੇ ਬਿਨਾਂ ਨੰਬਰ ਪਲੇਟ ਵਾਹਨ ਚਲਾਉਣ ਵਾਲਿਆਂ ਖ਼ਿਲਾਫ਼ ਤੁਰੰਤ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ |