ਮੱਲਾਂਵਾਲਾ, 24 ਫਰਵਰੀ (ਬਲਬੀਰ ਸਿੰਘ ਜੋਸਨ)-ਵਿਧਾਨ ਸਭਾ ਹਲਕਾ ਫ਼ਿਰੋਜ਼ਪੁਰ ਸ਼ਹਿਰ ਦੇ ਵਿਧਾਇਕ ਰਣਬੀਰ ਸਿੰਘ ਭੁੱਲਰ ਨੇ ਵੱਖ-ਵੱਖ ਪਿੰਡਾਂ 'ਚ ਵਿਕਾਸ ਕਰਵਾਉਣ ਲਈ, ਜਿਨ੍ਹਾਂ 'ਚ ਗੰਦੇ ਪਾਣੀ ਦੀਆਂ ਪਾਈਪ ਲਾਈਨਾਂ, ਖੇਡ ਸਟੇਡੀਅਮ, ਇੰਟਰਲਾਕ ਟਾਈਲਾਂ, ਸਟਰੀਟ ਲਾਈਟਾਂ, ਛੱਪੜਾਂ ਦੀ ਸਫ਼ਾਈ, ਗਲੀਆਂ ਦੀ ਉਸਾਰੀ, ਸ਼ਮਸ਼ਾਨਘਾਟ ਦੀ ਰਿਪੇਅਰ, ਪਾਰਕ ਦੀ ਉਸਾਰੀ ਆਦਿ ਕੰਮਾਂ ਲਈ 1 ਕਰੋੜ 14 ਲੱਖ ਰੁਪਏ ਤੋਂ ਵਧੇਰੇ ਵਿਕਾਸ ਕਾਰਜਾਂ ਦੇ ਨੀਂਹ ਪੱਥਰ ਰੱਖੇ | ਵਿਧਾਇਕ ਰਣਬੀਰ ਸਿੰਘ ਭੁੱਲਰ ਨੇ ਇਸ ਮੌਕੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਪੰਜਾਬ ਨੂੰ ਹਰ ਪੱਖੋਂ ਖ਼ੁਸ਼ਹਾਲ ਬਣਾ ਰਹੀ ਹੈ ਅਤੇ ਲੋਕਾਂ ਨੂੰ ਚੰਗੀਆਂ ਸੁੱਖ ਸਹੂਲਤਾਂ ਦੇਣ ਲਈ ਵਚਨਬੱਧ ਹੈ | ਇਸੇ ਲੜੀ ਤਹਿਤ ਹਲਕੇ ਦੀਆਂ ਵੱਖ-ਵੱਖ ਗਰਾਮ ਪੰਚਾਇਤਾਂ ਗਰਾਮ ਪੰਚਾਇਤ ਦੌਲਤਪੁਰਾ, ਗ੍ਰਾਮ ਪੰਚਾਇਤ ਬਸਤੀ ਬੋਰਾਂ ਵਾਲੀ, ਗ੍ਰਾਮ ਪੰਚਾਇਤ ਟੱਲੀ ਗ਼ੁਲਾਮ, ਗ੍ਰਾਮ ਪੰਚਾਇਤ ਬਸਤੀ ਰੋੜਾ ਵਾਲੀ, ਗ੍ਰਾਮ ਪੰਚਾਇਤ ਕੁਤਬਦੀਨ ਵਾਲਾ, ਗ੍ਰਾਮ ਪੰਚਾਇਤ ਬੰਡਾਲਾ, ਗ੍ਰਾਮ ਪੰਚਾਇਤ ਫੱਤਾ ਬੋੜਾ ਤੇ ਗ੍ਰਾਮ ਪੰਚਾਇਤ ਦੱਲਾ ਸਿੰਘ ਵਾਲਾ ਵਿਖੇ ਵੱਖ-ਵੱਖ ਵਿਕਾਸ ਕਾਰਜਾਂ ਨੂੰ ਮੁੱਖ ਰੱਖਦੇ ਹੋਏ ਨੀਂਹ ਪੱਥਰ ਰੱਖੇ ਗਏ ਹਨ | ਉਨ੍ਹਾਂ ਕਿਹਾ ਕਿ ਇਨ੍ਹਾਂ ਵਿਕਾਸ ਕਾਰਜਾਂ ਦਾ ਕੰਮ ਜਲਦੀ ਸ਼ੁਰੂ ਹੋ ਕੇ ਤਹਿ ਸਮੇਂ 'ਚ ਪੂਰਾ ਹੋਵੇਗਾ | ਉਨ੍ਹਾਂ ਕਿਹਾ ਕਿ ਹਲਕਾ ਨਿਵਾਸੀਆਂ ਦੀਆਂ ਮੰਗਾਂ ਨੂੰ ਮੁੱਖ ਰੱਖਦੇ ਹੋਏ ਵਿਕਾਸ ਕਾਰਜ ਕੀਤੇ ਜਾ ਰਹੇ ਹਨ ਅਤੇ ਹਲਕੇ ਦੇ ਸਾਰੇ ਪਿੰਡਾਂ ਵਿਚ ਵਿਕਾਸ ਕਾਰਜ ਜਾਰੀ ਰਹਿਣੇ | ਉਨ੍ਹਾਂ ਕਿਹਾ ਕਿ ਉਹ ਹਲਕਾ ਵਾਸੀਆਂ ਨੂੰ ਹਰ ਮੁੱਢਲੀ ਸੁੱਖ ਸਹੂਲਤ ਦੇਣ ਲਈ ਵਚਨਬੱਧ ਹਨ ਅਤੇ ਪਿੰਡਾਂ ਅਤੇ ਸ਼ਹਿਰਾਂ ਵਿਚ ਲਗਾਤਾਰ ਵਿਕਾਸ ਕਰਵਾ ਰਹੇ ਹਨ |