ਕੁੱਲਗੜ੍ਹੀ, 2 ਮਾਰਚ (ਸੁਖਜਿੰਦਰ ਸਿੰਘ ਸੰਧੂ)-ਨਿਰੋਲ ਸੇਵਾ ਸੰਸਥਾ ਸ੍ਰੀ ਮੁਕਤਸਰ ਸਾਹਿਬ ਦੇ ਮੁੱਖ ਸੇਵਾਦਾਰ ਡਾ. ਜਗਦੀਪ ਸਿੰਘ ਸੋਢੀ ਦੇ ਯਤਨਾਂ ਸਦਕਾ ਪੰਜ ਪਿਆਰਿਆਂ ਦੀ ਅਗਵਾਈ ਹੇਠ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਸਜਾਏ ਗਏ 16ਵੇਂ ਨਗਰ ਕੀਰਤਨ ਦਾ ਇਲਾਕਾ ਵਾਸੀਆਂ ਵਲੋਂ ਭਰਪੂਰ ਸਵਾਗਤ ਕੀਤਾ ਗਿਆ | ਇਹ ਨਗਰ ਕੀਰਤਨ ਸ੍ਰੀ ਮੁਕਤਸਰ ਸਾਹਿਬ ਤੋਂ ਸ਼ੁਰੂ ਹੋ ਗੁਰਦੁਆਰਾ ਕਰਤਾਰਪੁਰ ਸਾਹਿਬ ਪਾਕਿਸਤਾਨ ਬਾਰਡਰ 'ਤੇ ਸਮਾਪਤ ਹੋਏਗਾ | ਰਾਤ ਦਾ ਵਿਸ਼ਰਾਮ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਚਰਨ ਛੋਹ ਪ੍ਰਾਪਤ ਪਵਿੱਤਰ ਅਸਥਾਨ ਗੁਰਦੁਆਰਾ ਜ਼ਾਮਨੀ ਸਾਹਿਬ ਬਜੀਦਪੁਰ ਵਿਖੇ ਕੀਤਾ ਗਿਆ ਜਿੱਥੇ ਜਥੇਦਾਰ ਸਤਪਾਲ ਸਿੰਘ ਤਲਵੰਡੀ, ਜਥੇਦਾਰ ਦਰਸ਼ਨ ਸਿੰਘ ਸ਼ੇਰ ਖਾਂ, ਜਥੇਦਾਰ ਪ੍ਰੀਤਮ ਸਿੰਘ ਮਲਸੀਆਂ ਮੈਂਬਰ ਸ਼੍ਰੋਮਣੀ ਕਮੇਟੀ ਅਤੇ ਬਾਬਾ ਗੁਰਮੇਲ ਸਿੰਘ ਕਾਰ ਸੇਵਾ ਵਾਲਿਆਂ ਵਲੋਂ ਪੰਜ ਪਿਆਰੇ ਸਾਹਿਬਾਨ, ਨਿਸ਼ਾਨਚੀ ਸਿੰਘਾਂ ਨੂੰ ਸਿਰੋਪਾਉ ਦੇ ਕੇ ਅਗਲੇ ਪੜਾਵਾਂ ਲਈ ਰਵਾਨਾ ਕੀਤਾ ਗਿਆ | ਇਸ ਸਮੇਂ ਭਾਈ ਬਲਵਿੰਦਰ ਸਿੰਘ ਕਾਦਾ ਬੋੜਾ ਹੈੱਡ ਗ੍ਰੰਥੀ ਗੁਰਦੁਆਰਾ ਜ਼ਾਮਨੀ ਸਾਹਿਬ ਅਤੇ ਭਾਈ ਲਖਵਿੰਦਰ ਸਿੰਘ ਇੰਚਾਰਜ ਸ੍ਰੀ ਦਰਬਾਰ ਸਾਹਿਬ ਵਲੋਂ ਅਰਦਾਸ ਬੇਨਤੀ ਕੀਤੀ ਗਈ¢ ਸੰਗਤਾਂ ਦੀ ਸੇਵਾ 'ਚ ਤੇਜਬੀਰ ਸਿੰਘ ਮੈਨੇਜਰ ਗੁਰਦੁਆਰਾ ਜ਼ਾਮਨੀ ਸਾਹਿਬ, ਸਰੂਪ ਸਿੰਘ ਖ਼ਜ਼ਾਨਚੀ ਸਮੇਤ ਸਮੁੱਚੇ ਗੁਰੂ ਘਰ ਦੇ ਸੇਵਾਦਾਰਾਂ ਨੇ ਨਗਰ ਕੀਰਤਨ ਨਾਲ ਆਈਆਂ ਸੰਗਤਾਂ ਲਈ ਯੋਗ ਪ੍ਰਬੰਧ ਕਰਵਾਏ ਸਵੇਰ ਵੇਲੇ ਨਗਰ ਕੀਰਤਨ ਅਗਲੇ ਪੜਾਅ ਨੂੰ ਚੱਲਦਾ ਹੋਇਆ ਵੱਖ-ਵੱਖ ਪਿੰਡਾਂ ਵਿਚੋਂ ਹੁੰਦਾ ਹੋਇਆ ਸ਼ੇਰ ਖਾਂ ਪਹੁੰਚਿਆ | ਜਿੱਥੇ ਜਥੇਦਾਰ ਦਰਸ਼ਨ ਸਿੰਘ ਸ਼ੇਰ ਖਾਂ ਮੈਂਬਰ ਸ਼੍ਰੋਮਣੀ ਕਮੇਟੀ ਦੀ ਅਗਵਾਈ 'ਚ ਨਗਰ ਵਾਸੀ ਸੰਗਤਾਂ ਵਲੋਂ ਸਵਾਗਤ ਕੀਤਾ ਗਿਆ | ਨਗਰ ਕੀਰਤਨ ਦੀ ਅਗਵਾਈ ਕਰ ਰਹੇ ਪੰਜ ਪਿਆਰਿਆਂ ਸਮੇਤ ਸੇਵਾ ਨਿਭਾ ਰਹੇ ਸੇਵਾਦਾਰਾਂ ਨੂੰ ਸਿਰੋਪਾਉ ਭੇਟ ਕੀਤੇ ਗਏ | ਪਿੰਡ ਕੁੱਲਗੜ੍ਹੀ ਵਿਖੇ ਗੁਰਨੇਕ ਸਿੰਘ ਸਰਪੰਚ, ਸੁੱਚਾ ਸਿੰਘ ਪ੍ਰਧਾਨ, ਜਥੇਦਾਰ ਗੁਰਚਰਨ ਸਿੰਘ, ਬਲਵੀਰ ਸਿੰਘ, ਬਖ਼ਸ਼ੀਸ਼ ਸਿੰਘ ਆਦਿ ਦੀ ਅਗਵਾਈ 'ਚ ਇਲਾਕੇ ਦੀਆਂ ਸੰਗਤਾਂ ਵਲੋਂ ਭਰਪੂਰ ਸਵਾਗਤ ਕੀਤਾ ਗਿਆ |