ਜ਼ੀਰਾ, 3 ਮਾਰਚ (ਰਜਨੀਸ਼ ਕਥੂਰੀਆ)-ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੀ ਇਕ ਹੰਗਾਮੀ ਮੀਟਿੰਗ ਬਲਾਕ ਜ਼ੀਰਾ ਦੇ ਪ੍ਰਧਾਨ ਸੁਖਦੇਵ ਸਿੰਘ ਸਨੇਰ ਦੀ ਅਗਵਾਈ ਵਿਚ ਜ਼ੀਰਾ ਵਿਖੇ ਹੋਈ ਜਿਸ ਵਿਚ ਯੂਨੀਅਨ ਦੇ ਸੂਬਾ ਕਾਰਜਕਾਰੀ ਮੈਂਬਰ ਦਰਸ਼ਨ ਸਿੰਘ ਮੀਹਾਂ ਸਿੰਘ ਵਾਲਾ, ਪ੍ਰੀਤਮ ਸਿੰਘ ਮੀਹਾਂ ਸਿੰਘ ਵਾਲਾ ਸੀਨੀਅਰ ਮੀਤ ਪ੍ਰਧਾਨ ਜ਼ਿਲ੍ਹਾ ਫ਼ਿਰੋਜ਼ਪੁਰ, ਹਰਪ੍ਰੀਤ ਸਿੰਘ ਲੌਂਗੋਦੇਵਾ ਜਨਰਲ ਸਕੱਤਰ ਜ਼ਿਲ੍ਹਾ ਫ਼ਿਰੋਜ਼ਪੁਰ, ਡਾ. ਗੁਰਚਰਨ ਨੂਰਪੁਰ ਅਤੇ ਮਨਪ੍ਰੀਤ ਸਿੰਘ ਅਲੀਪੁਰ ਤੋਂ ਇਲਾਵਾ ਵੱਡੀ ਗਿਣਤੀ ਵਿਚ ਅਹੁਦੇਦਾਰ ਅਤੇ ਮੈਂਬਰ ਸ਼ਾਮਿਲ ਹੋਏ | ਮੀਟਿੰਗ ਸਬੰਧੀ ਜਾਣਕਾਰੀ ਦਿੰਦਿਆਂ ਸੂਬਾ ਕਾਰਜਕਾਰੀ ਮੈਂਬਰ ਦਰਸ਼ਨ ਸਿੰਘ ਮੀਹਾਂ ਸਿੰਘ ਵਾਲਾ ਅਤੇ ਬਲਾਕ ਪ੍ਰਧਾਨ ਸੁਖਦੇਵ ਸਿੰਘ ਸਨੇਰ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਆਪਣੀਆਂ ਵਿਰੋਧੀ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਤੋਂ ਇਲਾਵਾ ਹੱਕ ਸੱਚ ਦੀ ਆਵਾਜ਼ ਬੁਲੰਦ ਕਰਨ ਵਾਲੇ ਅਤੇ ਸਰਕਾਰ ਦੀਆਂ ਨਕਾਮੀਆਂ ਨੂੰ ਜਨਤਾ ਦੀ ਕਚਹਿਰੀ ਵਿਚ ਪੇਸ਼ ਕਰਨ ਵਾਲੇ ਪੱਤਰਕਾਰਾਂ ਨੂੰ ਵੀ ਜਾਣ ਬੁੱਝ ਕੇ ਨਿਸ਼ਾਨੇ 'ਤੇ ਲੈਂਦਿਆਂ ਬਦਲਾ ਲਊ ਨੀਤੀ ਦੇ ਤਹਿਤ ਉਨ੍ਹਾਂ ਦੀ ਆਵਾਜ਼ ਨੂੰ ਦਬਾਉਣ ਲਈ ਕਈ ਤਰ੍ਹਾਂ ਦੇ ਹੱਥਕੰਡੇ ਅਪਣਾਏ ਜਾ ਰਹੇ ਹਨ | ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਫ਼ਿਰੋਜ਼ਪੁਰ ਦਿਹਾਤੀ ਤੋਂ ਹਲਕਾ ਵਿਧਾਇਕ ਦੀ ਸ਼ਿਕਾਇਤ 'ਤੇ ਫ਼ਿਰੋਜ਼ਪੁਰ ਤੋਂ ਇਕ ਪੱਤਰਕਾਰ ਨੂੰ ਪੰਜਾਬ ਵਿਧਾਨ ਸਭਾ ਵਿਚ ਤਲਬ ਕੀਤਾ ਗਿਆ ਹੈ | ਜੋ ਕਿ ਆਮ ਲੋਕਾਂ ਦੇ ਸੰਵਿਧਾਨਿਕ ਹੱਕ ਬੋਲਣ ਦੀ ਆਜ਼ਾਦੀ 'ਤੇ ਸਿੱਧਾ ਹਮਲਾ ਹੈ | ਉਨ੍ਹਾਂ ਕਿਹਾ ਕਿ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਪੰਜਾਬ ਸਰਕਾਰ ਦੀ ਇਸ ਬਦਲਾ ਲਊ ਨੀਤੀ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕਰਦੀ ਹੈ ਅਤੇ ਅਜਿਹੇ ਪੱਤਰਕਾਰਾਂ ਦੇ ਹੱਕ ਵਿਚ ਡਟ ਕੇ ਖੜੀ ਹੈ | ਉਨ੍ਹਾਂ ਕਿਹਾ ਕਿ ਜੇਕਰ ਕਿਸੇ ਪੱਤਰਕਾਰ ਨਾਲ ਬਦਲਾ ਲਊ ਭਾਵਨਾ ਦੀ ਨੀਤੀ ਦੇ ਤਹਿਤ ਕੋਈ ਕਾਰਵਾਈ ਕੀਤੀ ਗਈ ਤਾਂ ਸਾਡੀ ਯੂਨੀਅਨ ਸਰਕਾਰ ਦੇ ਖ਼ਿਲਾਫ਼ ਸੰਘਰਸ਼ ਕਰਨ ਤੋਂ ਗੁਰੇਜ਼ ਵੀ ਨਹੀਂ ਕਰੇਗੀ ਜਿਸ ਦੀ ਜ਼ਿੰਮੇਵਾਰੀ ਪੁਲਿਸ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਦੀ ਹੋਵੇਗੀ |