ਫ਼ਿਰੋਜ਼ਪੁਰ, 3 ਮਾਰਚ (ਗੁਰਿੰਦਰ ਸਿੰਘ)-ਦੇਵ ਸਮਾਜ ਕਾਲਜ ਫ਼ਾਰ ਵੁਮੈਨ ਫ਼ਿਰੋਜ਼ਪੁਰ ਦੇ ਹਸਪਤਾਲ ਪ੍ਰਸ਼ਾਸਨ ਪ੍ਰਬੰਧਨ ਵਿਭਾਗ ਵਲ਼ੋਂ Tਹੈਲਥ ਕੇਅਰ ਵਿਚ ਜਾਣਕਾਰੀ ਅਤੇ ਸੰਚਾਰ ਤਕਨਾਲੋਜੀ (ਆਈ.ਸੀ.ਟੀ) ਦੀ ਭੂਮਿਕਾU ਵਿਸ਼ੇ ਉੱਤੇ ਇਕ ਜਾਣਕਾਰੀ ਭਰਪੂਰ ਸੈਸ਼ਨ ਦਾ ਆਯੋਜਨ ਕੀਤਾ ਗਿਆ | ਇਸ ਮੌਕੇ 'ਤੇ ਮੁੱਖ ਵਕਤਾ ਵਜੋਂ ਪਹੁੰਚੇ ਡਾ. ਪ੍ਰੀਤ ਮਖੀਜਾ ਮੈਡੀਕਲ ਅਫ਼ਸਰ ਸਿਵਲ ਹਸਪਤਾਲ ਫ਼ਿਰੋਜ਼ਪੁਰ ਨੇ ਸਿਹਤ ਖੇਤਰ ਵਿਚ ਡਿਜੀਟਲ ਰਿਕਾਰਡ, ਟੈਲੀਮੈਡੀਸਿਨ, ਆਰ.ਟੀ.ਫਿਸ਼ਿਅਲ ਇੰਟੈਲੀਜੈਂਸ ਅਤੇ ਡਾਟਾ ਪ੍ਰਬੰਧਨ ਰਾਹੀਂ ਆ ਰਹੀ ਕ੍ਰਾਂਤੀ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ | ਡਾ. ਮਖੀਜਾ ਨੇ ਇਲੈੱਕਟ੍ਰਾਨਿਕ ਹੈਲਥ ਰਿਕਾਰਡਜ਼ (ਈ.ਐੱਚ.ਆਰ.ਐਸ), ਹਸਪਤਾਲ ਮੈਨੇਜਮੈਂਟ ਇਨਫਰਮੇਸ਼ਨ ਸਿਸਟਮ, ਟੈਲੀ ਹੈਲਥ ਸੇਵਾਵਾਂ ਅਤੇ ਮੋਬਾਈਲ ਹੈਲਥ ਐਪਲੀਕੇਸ਼ਨਾਂ ਦੇ ਲਾਭਾਂ ਉੱਤੇ ਜ਼ੋਰ ਦਿੱਤਾ, ਜਿਨ੍ਹਾਂ ਨੇ ਸਿਹਤ ਸੇਵਾਵਾਂ ਦੀ ਪਹੁੰਚ ਅਤੇ ਕਾਰਗੁਜ਼ਾਰੀ ਵਿਚ ਮਹੱਤਵਪੂਰਨ ਸੁਧਾਰ ਕੀਤਾ ਹੈ | ਉਨ੍ਹਾਂ ਕਿਹਾ ਕਿ ਆਈ.ਸੀ.ਟੀ ਦੀ ਸਹਾਇਤਾ ਨਾਲ ਮਰੀਜ਼ਾਂ ਨੂੰ ਤੇਜ਼ ਅਤੇ ਪ੍ਰਭਾਵਸ਼ਾਲੀ ਇਲਾਜ ਮੁਹੱਈਆ ਕਰਵਾਇਆ ਜਾ ਸਕਦਾ ਹੈ | ਸੈਸ਼ਨ ਦੌਰਾਨ ਡਾਟਾ ਸੁਰੱਖਿਆ, ਸਿਹਤ ਕਰਮਚਾਰੀਆਂ ਵਿਚ ਡਿਜੀਟਲ ਸਾਖਰਤਾ ਦੀ ਕਮੀ ਅਤੇ ਹਸਪਤਾਲਾਂ ਵਿਚ ਮਜ਼ਬੂਤ ਆਈ.ਸੀ.ਟੀ ਢਾਂਚੇ ਦੀ ਲੋੜ ਵਰਗੀਆਂ ਚੁਨੌਤੀਆਂ 'ਤੇ ਵੀ ਚਰਚਾ ਕੀਤੀ ਗਈ | ਇੰਟਰੈਕਟਿਵ ਗੱਲਬਾਤ ਦੌਰਾਨ ਵਿਦਿਆਰਥੀਆਂ ਅਤੇ ਸਟਾਫ਼ ਨੇ ਆਪਣੇ ਵਿਚਾਰ ਸਾਂਝੇ ਕੀਤੇ | ਅੰਤ ਵਿਚ ਪ੍ਰਸ਼ਨ-ਉੱਤਰ ਸੈਸ਼ਨ ਰੱਖਿਆ ਗਿਆ ਜਿਸ ਵਿਚ ਡਾ. ਮਖੀਜਾ ਨੇ ਪਿੰਡਾਂ ਦੇ ਸਿਹਤ ਕੇਂਦਰਾਂ ਵਿਚ ਆਈ.ਸੀ.ਟੀ ਹੱਲਾਂ ਦੀ ਲਾਗੂ ਕਰਨ ਦੀ ਪ੍ਰਕਿਰਿਆ ਅਤੇ ਡਿਜੀਟਲ ਰੁਕਾਵਟਾਂ ਨੂੰ ਦੂਰ ਕਰਨ ਦੀਆਂ ਰਣਨੀਤੀਆਂ ਬਾਰੇ ਵਿਸਥਾਰ ਨਾਲ ਉੱਤਰ ਦਿੱਤੇ | ਡਾ. ਸੰਗੀਤਾ ਪਿ੍ੰਸੀਪਲ ਨੇ ਪ੍ਰੋਗਰਾਮ ਦੇ ਸਫਲ ਆਯੋਜਨ 'ਤੇ ਡਾ. ਸਾਨੀਆ ਗਿੱਲ ਮੁਖੀ ਹਸਪਤਾਲ ਪ੍ਰਬੰਧਨ ਅਤੇ ਮੈਨੇਜਮੈਂਟ ਵਿਭਾਗ ਨੂੰ ਵਧਾਈ ਦਿੱਤੀ ਜਿਨ੍ਹਾਂ ਸਦਕਾ ਵਿਦਿਆਰਥਣਾਂ ਨੂੰ ਸਿਹਤ ਸੇਵਾਵਾਂ ਵਿਚ ਤਕਨਾਲੋਜੀ ਦੇ ਇਕੀਕਰਨ ਬਾਰੇ ਵਿਹਾਰਕ ਜਾਣਕਾਰੀ ਪ੍ਰਾਪਤ ਹੋਈ | ਸਮਾਗਮ ਨੇ ਆਧੁਨਿਕ ਸਿਹਤ ਪ੍ਰਣਾਲੀ ਵਿਚ ਆਈ.ਸੀ.ਟੀ ਦੀ ਅਹਿਮ ਭੂਮਿਕਾ ਨੂੰ ਰੌਸ਼ਨ ਕੀਤਾ ਅਤੇ ਬਿਹਤਰ ਮਰੀਜ਼ ਸੰਭਾਲ ਅਤੇ ਪ੍ਰਭਾਵਸ਼ਾਲੀ ਹਸਪਤਾਲ ਪ੍ਰਬੰਧਨ ਲਈ ਨਿਰੰਤਰ ਤਕਨਾਲੋਜੀ ਉੱਨਤੀ ਦੀ ਲੋੜ 'ਤੇ ਜ਼ੋਰ ਦਿੱਤਾ |