ਮੱਲਾਂਵਾਲਾ, 3 ਮਾਰਚ (ਬਲਬੀਰ ਸਿੰਘ ਜੋਸਨ)-ਸਰਕਾਰੀ ਪ੍ਰਾਇਮਰੀ ਸਕੂਲ ਰੋਡੇ ਜੱਲੇ ਵਾਲਾ ਵਿਖੇ ਪ੍ਰੀ-ਪ੍ਰਾਇਮਰੀ ਸਿੱਖਿਆ ਨੂੰ ਹੋਰ ਰੋਚਕ ਬਣਾਉਣ ਦੇ ਮਕਸਦ ਨਾਲ 'ਹੈਂਡ ਮੇਡ ਮੈਟੀਰੀਅਲ' (ਹੱਥੀਂ ਤਿਆਰ ਸਾਮਾਨ) ਦੀ ਇਕ ਵਿਸ਼ੇਸ਼ ਵਰਕਸ਼ਾਪ ਲਗਾਈ ਗਈ | ਇਸ ਵਰਕਸ਼ਾਪ ਵਿਚ ਸੈਂਟਰ ਰੋਡੇ ਜੱਲੇ ਵਾਲਾ ਦੇ ਸਮੂਹ ਸਕੂਲਾਂ ਦੇ ਪ੍ਰੀ-ਪ੍ਰਾਇਮਰੀ ਅਧਿਆਪਕਾਂ ਨੇ ਬੜੇ ਉਤਸ਼ਾਹ ਨਾਲ ਹਿੱਸਾ ਲਿਆ ਅਤੇ ਬੱਚਿਆਂ ਨੂੰ ਪੜ੍ਹਾਉਣ ਲਈ ਸਹਾਇਕ ਸਮਗਰੀ ਤਿਆਰ ਕੀਤੀ | ਇਸ ਮੌਕੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਸ੍ਰੀਮਤੀ ਹਰਜੀਤ ਕੌਰ ਅਤੇ ਬੀ.ਆਰ.ਸੀ ਰਸ਼ਪਾਲ ਸਿੰਘ ਗਿੱਲ ਨੇ ਵਿਸ਼ੇਸ਼ ਤੌਰ 'ਤੇ ਵਰਕਸ਼ਾਪ ਵਿਚ ਹਾਜ਼ਰੀ ਭਰੀ | ਉਨ੍ਹਾਂ ਨੇ ਅਧਿਆਪਕਾਂ ਵਲੋਂ ਤਿਆਰ ਕੀਤੇ ਗਏ ਸਾਮਾਨ ਦੀ ਸ਼ਲਾਘਾ ਕੀਤੀ | ਸੈਂਟਰ ਹੈੱਡ ਟੀਚਰ ਹਰਜੀਤ ਸਿੰਘ ਨੇ ਪ੍ਰਥਮ ਜ਼ੋਨਲ ਕੋਆਰਡੀਨੇਟਰ ਹਰਮੀਤ ਸਿੰਘ ਨਾਲ ਰਾਬਤਾ ਕਾਇਮ ਕਰਕੇ ਇਹ ਵਰਕਸ਼ਾਪ ਲਗਾਈ | ਉਨ੍ਹਾਂ ਦੱਸਿਆ ਕਿ ਅਜਿਹੀਆਂ ਵਰਕਸ਼ਾਪਾਂ ਬੱਚਿਆਂ ਦੇ ਬੌਧਿਕ ਵਿਕਾਸ ਲਈ ਬਹੁਤ ਜ਼ਰੂਰੀ ਹਨ | ਉਨ੍ਹਾਂ ਨੇ ਇਹ ਵੀ ਦੱਸਿਆ ਕਿ ਸੈਂਟਰ ਰੋਡੇ ਜੱਲੇ ਵਾਲਾ ਵਿਚ ਪ੍ਰਥਮ ਟੀਮ ਨੇ ਪਿਛਲੇ ਪੰਜ ਸਾਲ ਤੋਂ ਉਨ੍ਹਾਂ ਦਾ ਬਾਖ਼ੂਬੀ ਸਾਥ ਦਿੱਤਾ ਹੈ | ਇਸੇ ਤਰ੍ਹਾਂ ਹੀ ਹਰ ਸਾਲ ਪ੍ਰੀ ਪ੍ਰਾਇਮਰੀ ਦੇ ਬੱਚਿਆਂ ਲਈ ਪ੍ਰੀ ਅਧਿਆਪਕਾਂ ਦੁਆਰਾ ਹੱਥ ਬਣਿਆ ਮੈਟੀਰੀਅਲ ਬਣਾਇਆ ਜਾਂਦਾ ਹੈ | ਵਰਕਸ਼ਾਪ ਦੌਰਾਨ ਪ੍ਰਥਮ ਐਜੂਕੇਸ਼ਨ ਫਾਊਾਡੇਸ਼ਨ ਦੇ ਜ਼ੋਨਲ ਕੋਆਰਡੀਨੇਟਰ ਹਰਮੀਤ ਸਿੰਘ, ਅਸਿਸਟੈਂਟ ਡਿਸਟਿ੍ਕਟ ਕੋਆਰਡੀਨੇਟਰ ਹਰਜਿੰਦਰ ਸਿੰਘ ਅਤੇ ਜਰਨੈਲ ਸਿੰਘ ਦੀ ਅਗਵਾਈ ਹੇਠ ਅਧਿਆਪਕਾਂ ਨੂੰ ਹੱਥੀਂ ਸਾਮਾਨ ਤਿਆਰ ਕਰਨ ਦੀ ਸਿਖਲਾਈ ਦਿੱਤੀ ਗਈ | ਅਧਿਆਪਕਾਂ ਨੇ ਘੱਟ ਲਾਗਤ ਵਾਲੀਆਂ ਅਤੇ ਘਰਾਂ ਵਿਚ ਮੌਜੂਦ ਚੀਜ਼ਾਂ ਤੋਂ ਸੁੰਦਰ ਚਾਰਟ ਅਤੇ ਪ੍ਰੀ ਪ੍ਰਾਇਮਰੀ ਵਿਚ ਜ਼ਰੂਰੀ ਸਮਾਨ ਤਿਆਰ ਕੀਤਾ | ਜੋ ਪ੍ਰੀ-ਪ੍ਰਾਇਮਰੀ ਦੇ ਨੰਨ੍ਹੇ ਬੱਚਿਆਂ ਨੂੰ ਖੇਡ-ਖੇਡ ਵਿਚ ਸਿੱਖਣ ਵਿਚ ਮਦਦ ਕਰਨਗੇ | ਅਖੀਰ ਵਿਚ ਆਏ ਹੋਏ ਮਹਿਮਾਨਾਂ ਨੇ ਇਸ ਸਾਂਝੇ ਉੱਦਮ ਦੀ ਭਰਪੂਰ ਪ੍ਰਸ਼ੰਸਾ ਕੀਤੀ | ਬੀ.ਪੀ.ਓ ਮੈਡਮ ਹਰਜੀਤ ਕੌਰ ਮੱਲਾਂਵਾਲਾ ਵਲੋਂ ਹੈਂਡ ਮੇਡ ਵਸਤਾਂ ਦੇ ਇਸ ਪ੍ਰੋਜੈਕਟ ਵਿਚ ਹਿੱਸਾ ਲੈਣ ਆਏ ਅਧਿਆਪਕਾ ਦਾ ਧੰਨਵਾਦ ਕੀਤਾ |