ਫਿਰੋਜ਼ਪੁਰ, 5 ਮਾਰਚ (ਸੁਖਵਿੰਦਰ ਸਿੰਘ)-ਫ਼ਰਦ ਕੇਂਦਰਾਂ ਵਿਚ ਕੰਮ ਕਰ ਰਹੇ ਕੰਪਿਊਟਰ ਆਪਰੇਟਰ ਮੁਲਾਜ਼ਮਾਂ ਨੇ ਆਪਣੀਆਂ ਜਾਇਜ਼ ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ | ਮੁਲਾਜ਼ਮਾਂ ਨੇ ਦੱਸਿਆ ਕਿ ਲਗਭਗ 900 ਤੋਂ ਵੱਧ ਡਾਟਾ ਐਂਟਰੀ ਆਪਰੇਟਰ ਪਿਛਲੇ 15 ਤੋਂ 18 ਸਾਲਾਂ ਤੋਂ ਸੇਵਾਵਾਂ ਨਿਭਾ ਰਹੇ ਹਨ ਅਤੇ ਜਮ੍ਹਾਬੰਦੀ, ਖ਼ਸਰਾ ਗਿਰਦਾਵਰੀ ਅਤੇ ਇੰਤਕਾਲ ਆਦਿ ਦਰਜ ਕਰਕੇ ਮਾਲ ਰਿਕਾਰਡ ਨੂੰ ਕੰਪਿਊਟਰਾਈਜ਼ਡ ਕਰਨ ਵਿਚ ਅਹਿਮ ਭੂਮਿਕਾ ਨਿਭਾ ਰਹੇ ਹਨ | ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਉਨ੍ਹਾਂ ਨੂੰ ਇਕ ਪ੍ਰਾਈਵੇਟ ਕੰਪਨੀ ਰਾਹੀਂ ਭਰਤੀ ਕੀਤਾ ਗਿਆ ਸੀ, ਪਰ ਫ਼ਰਦ ਕੇਂਦਰਾਂ ਦੇ ਕੰਮ ਤੋਂ ਇਲਾਵਾ ਬੀਮਾ ਕਾਰਡ, ਪੀ.ਐਮ ਕਿਸਾਨ ਯੋਜਨਾ, ਕਰਜ਼ਾ ਮੁਆਫ਼ੀ ਐਂਟਰੀਆਂ, ਸਪੈਸ਼ਲ ਗਿਰਦਾਵਰੀ ਅਤੇ ਚੋਣ ਡਿਊਟੀ ਵਰਗੇ ਕਈ ਸਰਕਾਰੀ ਕੰਮ ਵੀ ਬਿਨਾਂ ਵਾਧੂ ਭੱਤੇ ਦੇ ਕਰਵਾਏ ਜਾਂਦੇ ਹਨ | ਕੰਪਨੀ ਵਲੋਂ ਹਰ ਸਾਲ ਤਨਖ਼ਾਹ ਵਧਾਉਣ ਦਾ ਵਾਅਦਾ ਵੀ ਪੂਰਾ ਨਹੀਂ ਕੀਤਾ ਗਿਆ | ਮੁਲਾਜ਼ਮਾਂ ਨੇ ਦੱਸਿਆ ਕਿ ਉਹ ਇਸ ਮਸਲੇ ਸਬੰਧੀ ਕਈ ਵਾਰ ਵਿੱਤ ਮੰਤਰੀ ਅਤੇ ਉੱਚ ਅਧਿਕਾਰੀਆਂ ਨੂੰ ਮਿਲ ਚੁੱਕੇ ਹਨ, ਪਰ ਹਾਲੇ ਤੱਕ ਕੋਈ ਹੱਲ ਨਹੀਂ ਨਿਕਲਿਆ | ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਘੱਟੋ-ਘੱਟ ਤਨਖ਼ਾਹ, ਸਾਲਾਨਾ ਇੰਕਰੀਮੈਂਟ, ਨੌਕਰੀ ਦੀ ਸੁਰੱਖਿਆ, ਈ.ਐਸ.ਆਈ-ਈਪੀਐਫ ਅਤੇ ਹੋਰ ਮੰਗਾਂ ਜਲਦੀ ਨਾ ਮੰਨੀਆਂ ਗਈਆਂ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ |