ਫ਼ਾਜ਼ਿਲਕਾ, 11 ਮਾਰਚ (ਦਵਿੰਦਰ ਪਾਲ ਸਿੰਘ)-ਫ਼ਾਜ਼ਿਲਕਾ ਦੇ ਨਵੇਂ ਬੱਸ ਸਟੈਂਡ ਦਾ ਮੁੱਦਾ ਪੰਜਾਬ ਵਿਧਾਨ ਸਭਾ 'ਚ ਉੱਠਣ ਤੋਂ ਬਾਅਦ ਬੱਸ ਸਟੈਂਡ ਦਾ ਨਿਰਮਾਣ ਹੁਣ ਨਵੇਂ ਵਿਵਾਦਾਂ ਵਿਚ ਪੈ ਗਿਆ ਹੈ | ਕਰੀਬ 10 ਸਾਲ ਪਹਿਲਾਂ ਉਸ ਸਮੇਂ ਦੀ ਅਕਾਲੀ-ਭਾਜਪਾ ਸਰਕਾਰ ਨੇ ਫ਼ਾਜ਼ਿਲਕਾ ਸ਼ਹਿਰ ਅੰਦਰ ਆਧੁਨਿਕ ਸਹੂਲਤਾਂ ਦੇਣ ਦੇ ਨਾਂਅ 'ਤੇ ਡੀ.ਸੀ. ਕੰਪਲੈਕਸ ਦੇ ਸਾਹਮਣੇ ਨਗਰ ਕੌਂਸਲ ਵਾਲੀ ਜਗ੍ਹਾ 'ਤੇ ਸਾਢੇ 5 ਕਰੋੜ ਰੁਪਏ ਦੀ ਲਾਗਤ ਨਾਲ ਨਵਾਂ ਬੱਸ ਸਟੈਂਡ ਉਸਾਰਨ ਸਬੰਧੀ ਤਜਵੀਜ਼ ਅਮਲ ਵਿਚ ਲਿਆਂਦੀ ਸੀ | ਸਾਲ 2007 ਅੰਦਰ ਸੂਬੇ 'ਚ ਕਾਂਗਰਸ ਸਰਕਾਰ ਬਣਨ 'ਤੇ ਕਈ ਵਿਵਾਦਾਂ ਤੋਂ ਬਾਅਦ ਕਰੋੜਾਂ ਦੀ ਲਾਗਤ ਨਾਲ ਨਵੇਂ ਬੱਸ ਸਟੈਂਡ ਦੀ ਇਮਾਰਤ ਦਾ ਨਿਰਮਾਣ ਕੀਤਾ ਗਿਆ ਪਰ ਇੱਥੇ ਬੱਸ ਸਟੈਂਡ ਚੱਲਣਾ ਸ਼ੁਰੂ ਨਹੀਂ ਹੋਇਆ | ਦਸੰਬਰ 2021 'ਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਇਸ ਦਾ ਉਦਘਾਟਨ ਵੀ ਗਰਮਜੋਸ਼ੀ ਨਾਲ ਕੀਤਾ ਪਰ ਫਿਰ ਵੀ ਕਿਸੇ ਬੱਸ ਨੇ ਇਸ ਨਵੇਂ ਬਣੇ ਬੱਸ ਸਟੈਂਡ ਦਾ ਮੂੰਹ ਤੱਕ ਨਹੀਂ ਦੇਖਿਆ | ਹੁਣ ਇਹ ਨਵੀਂ ਇਮਾਰਤ ਖੰਡਰ ਦਾ ਰੂਪ ਧਾਰਨ ਕਰ ਰਹੀ ਹੈ ਤਾਂ ਫ਼ਾਜ਼ਿਲਕਾ ਦੇ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਨੇ ਇਹ ਮੁੱਦਾ ਪੰਜਾਬ ਵਿਧਾਨ ਸਭਾ ਵਿਚ ਚੁੱਕਿਆ ਅਤੇ ਪੁੱਛਿਆ ਗਿਆ ਕਿ ਇਹ ਨਵਾਂ ਬੱਸ ਸਟੈਂਡ ਕਦੋਂ ਸ਼ੁਰੂ ਹੋਵੇਗਾ | ਪੰਜਾਬ ਵਿਧਾਨ ਸਭਾ ਅੰਦਰ ਇਸ ਪ੍ਰਸ਼ਨ ਦਾ ਜਵਾਬ ਦਿੰਦਿਆਂ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਕਿਹਾ ਕਿ ਉਸ ਸਮੇਂ ਦੀ ਸਰਕਾਰ ਨੇ ਟਰਾਂਸਪੋਰਟ ਵਿਭਾਗ ਦੀ ਮਨਜ਼ੂਰ ਤੋਂ ਬਿਨਾਂ ਪਤਾ ਨਹੀਂ ਕਿਸ ਕਰਕੇ ਨਗਰ ਕੌਂਸਲ ਦੀ ਕਰੋੜਾਂ ਦੀ ਜ਼ਮੀਨ 'ਤੇ ਬੱਸ ਸਟੈਂਡ ਦੀ ਇਮਾਰਤ ਉਸਾਰ ਦਿੱਤੀ | ਉਨ੍ਹਾਂ ਕਿਹਾ ਕਿ ਫ਼ਾਜ਼ਿਲਕਾ ਅੰਦਰ ਜੋ ਬੱਸ ਸਟੈਂਡ ਚੱਲ ਰਿਹਾ ਹੈ ਉਹ ਪੰਜਾਬ ਟਰਾਂਸਪੋਰਟ ਵਿਭਾਗ ਦਾ ਹਿੱਸਾ ਹੈ ਜਿੱਥੇ ਸਬ ਡੀਪੂ ਹੁੰਦਿਆਂ ਪੈਟਰੋਲ ਪੰਪ, ਵਰਕਸ਼ਾਪ ਅਤੇ ਹੋਰ ਸਹੂਲਤਾਂ ਪ੍ਰਦਾਨ ਹਨ | ਉਨ੍ਹਾਂ ਕਿਹਾ ਕਿ ਟਰਾਂਸਪੋਰਟ ਵਿਭਾਗ ਪ੍ਰਾਈਵੇਟ ਬੱਸਾਂ ਵਾਲਿਆਂ ਤੋਂ ਅੱਡਾ ਫ਼ੀਸ ਦੀ ਵਸੂਲੀ ਕਰਦਾ ਹੈ | ਜਿਸ ਦਾ ਕਰੀਬ ਇਕ ਕਰੋੜ ਰੁਪਇਆ ਟਰਾਂਸਪੋਰਟ ਵਿਭਾਗ ਨੂੰ ਲਾਭ ਹੋ ਰਿਹਾ ਹੈ | ਉਨ੍ਹਾਂ ਕਿਹਾ ਕਿ ਸ਼ਹਿਰ ਦੇ ਅੰਦਰ ਬਣੇ ਇਸ ਬੱਸ ਸਟੈਂਡ ਦਾ ਸ਼ਹਿਰ ਵਾਸੀਆਂ ਨੂੰ ਬਹੁਤ ਲਾਭ ਮਿਲ ਰਿਹਾ ਹੈ ਕਿਉਂ ਕਿ ਰੇਲਵੇ ਸਟੇਸ਼ਨ ਵੀ ਬਿਲਕੁਲ ਨਜ਼ਦੀਕ ਹੈ | ਇਸ ਦੇ ਨਾਲ ਹੀ ਇਕ ਦਰਜਨ ਦੇ ਕਰੀਬ ਵੱਖ-ਵੱਖ ਮਾਰਕੀਟਾਂ ਦੇ ਹਜ਼ਾਰਾਂ ਦੁਕਾਨਦਾਰਾਂ ਨੇ ਨਵੇਂ ਬੱਸ ਸਟੈਂਡ ਦਾ ਵਿਰੋਧ ਕੀਤਾ ਕਿਉਂਕਿ ਉਨ੍ਹਾਂ ਨੇ ਬੇਰੁਜ਼ਗਾਰ ਹੋ ਜਾਣਾ ਹੈ | ਉਨ੍ਹਾਂ ਕਿਹਾ ਕਿ ਸਥਾਨਕ ਵਿਭਾਗ ਦੇ ਮੰਤਰੀ ਨੂੰ ਇਸ ਗੱਲ ਦੀ ਤੁਰੰਤ ਜਾਂਚ ਕਰਵਾਉਣੀ ਚਾਹੀਦੀ ਹੈ ਕਿ ਲੋਕਾਂ ਦਾ ਕਰੋੜਾਂ ਰੁਪਇਆ ਕਿਉਂ ਬਰਬਾਦ ਕੀਤਾ ਹੈ | ਵਿਧਾਨ ਸਭਾ ਵਿਚ ਬੈਠੇ ਸਥਾਨਕ ਸਰਕਾਰਾਂ ਦੇ ਮੰਤਰੀ ਸੰਜੀਵ ਅਰੋੜਾ ਨੇ ਕਿਹਾ ਕਿ ਉਹ ਇਸ ਗੱਲ ਦੀ ਜਾਂਚ ਜਲਦੀ ਜ਼ਰੂਰ ਕਰਵਾਉਣਗੇ ਤਾਂ ਜੋ ਕਸੂਰਵਾਰ ਲੋਕਾਂ ਦੇ ਸਾਹਮਣੇ ਆ ਸਕਣ |