ਫ਼ਾਜ਼ਿਲਕਾ, 11 ਮਾਰਚ (ਦਵਿੰਦਰ ਪਾਲ ਸਿੰਘ)-ਫ਼ਾਜ਼ਿਲਕਾ ਦੇ ਪਿੰਡ ਕੇਰੀਆਂ ਵਿਖੇ ਜੈ ਭੋਮਿਆ ਸਪੋਰਟਸ ਕਲੱਬ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸ਼ਾਨਦਾਰ ਵਾਲੀਬਾਲ ਟੂਰਨਾਮੈਂਟ ਦਾ ਆਯੋਜਨ ਕੀਤਾ ਗਿਆ | ਇਸ ਖੇਡ ਮੁਕਾਬਲੇ ਵਿਚ ਇਲਾਕੇ ਦੇ ਵੱਖ-ਵੱਖ ਪਿੰਡਾਂ ਤੋਂ ਆਈਆਂ ਕਰੀਬ 40 ਟੀਮਾਂ ਨੇ ਪੂਰੇ ਉਤਸ਼ਾਹ ਨਾਲ ਹਿੱਸਾ ਲਿਆ ਅਤੇ ਆਪਣੀ ਖੇਡ ਕਲਾ ਦਾ ਪ੍ਰਦਰਸ਼ਨ ਕੀਤਾ | ਇਸ ਮੌਕੇ ਸਮਾਜ ਸੇਵੀ ਪੂਜਾ ਲੂਥਰਾ ਸਚਦੇਵਾ ਨੇ ਆਪਣੀ ਟੀਮ ਸਮੇਤ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ | ਉਨ੍ਹਾਂ ਨੇ ਖਿਡਾਰੀਆਂ ਨਾਲ ਮੁਲਾਕਾਤ ਕਰਦਿਆਂ ਉਨ੍ਹਾਂ ਦੀ ਹੌਸਲਾ ਅਫਜ਼ਾਈ ਕੀਤੀ ਅਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਖੇਡਾਂ ਨਾਲ ਜੁੜਨ ਦੀ ਪ੍ਰੇਰਨਾ ਦਿੱਤੀ | ਪੂਜਾ ਲੂਥਰਾ ਨੇ ਕਿਹਾ ਕਿ ਅਜਿਹੇ ਟੂਰਨਾਮੈਂਟ ਨੌਜਵਾਨਾਂ ਵਿਚ ਅਨੁਸ਼ਾਸਨ ਅਤੇ ਆਤਮ-ਵਿਸ਼ਵਾਸ ਪੈਦਾ ਕਰਦੇ ਹਨ ਅਤੇ ਉਨ੍ਹਾਂ ਨੂੰ ਆਪਣੀ ਪ੍ਰਤਿਭਾ ਦਿਖਾਉਣ ਦਾ ਸਹੀ ਮੰਚ ਪ੍ਰਦਾਨ ਕਰਦੇ ਹਨ | ਸਮਾਜ ਸੇਵੀ ਅਜੇ ਸਚਦੇਵਾ ਨੇ ਵੀ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਖੇਡਾਂ ਸਰੀਰਕ ਤੰਦਰੁਸਤੀ ਦੇ ਨਾਲ-ਨਾਲ ਭਾਈਚਾਰਕ ਸਾਂਝ ਨੂੰ ਵੀ ਮਜ਼ਬੂਤ ਕਰਦੀਆਂ ਹਨ | ਟੂਰਨਾਮੈਂਟ ਦੇ ਅੰਤ ਵਿਚ ਪ੍ਰਬੰਧਕਾਂ ਵਲੋਂ ਮੁੱਖ ਮਹਿਮਾਨਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ | ਇਸ ਮੌਕੇ ਪਿੰਡ ਕੇਰੀਆਂ ਦੇ ਸਰਪੰਚ ਰਾਕੇਸ਼ ਦਹੀਆ, ਖ਼ਾਨਪੁਰ ਦੇ ਸਰਪੰਚ ਵਿਨੋਦ, ਰਣਬੀਰ, ਸਮੇਤ ਟੀਮ ਪੂਜਾ ਲੂਥਰਾ ਦੇ ਮੈਂਬਰ ਸੁਭਾਸ਼ ਕੰਬੋਜ, ਅਰੁਣ ਗਗਨੇਜਾ, ਪਰਵੀਨ ਮੱਕੜ ਅਤੇ ਪਵਨ ਭੱਲਾ ਵੀ ਹਾਜ਼ਰ ਸਨ |