ਫਿਰੋਜ਼ਪੁਰ, 28 ਮਾਰਚ (ਗੁਰਿੰਦਰ ਸਿੰਘ)-ਪੰਜਾਬ ਸਰਕਾਰ ਵਲੋਂ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਕੀਤੇ ਜਾ ਰਹੇ ਵਿਸ਼ੇਸ਼ ਉਪਰਾਲਿਆਂ ਤਹਿਤTਮਾਪੇ-ਅਧਿਆਪਕ ਮਿਲਣੀਆਂUਇਕ ਮਹੱਤਵਪੂਰਨ ਕਦਮ ਵਜੋਂ ਸਾਹਮਣੇ ਆਈਆਂ ਹਨ | ਇਸੇ ਲੜੀ ਤਹਿਤ ਜ਼ਿਲ੍ਹਾ ਫਿਰੋਜ਼ਪੁਰ ਦੇ ਸਮੂਹ 224 ਅੱਪਰ ਪ੍ਰਾਇਮਰੀ ਸਕੂਲਾਂ ਵਿਚ ਸਿੱਖਿਆ ਵਿਭਾਗ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਮੁਨੀਲਾ ਅਰੋੜਾ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਡਾ ਸਤਿੰਦਰ ਸਿੰਘ ਦੀ ਅਗਵਾਈ ਹੇਠ ਵਿਸ਼ਾਲ ਮਾਪੇ-ਅਧਿਆਪਕ ਮਿਲਣੀ ਅਤੇ ਸਾਲਾਨਾ ਨਤੀਜੇ ਐਲਾਨਣ ਲਈ ਸਮਾਗਮਾਂ ਦਾ ਆਯੋਜਨ ਕੀਤਾ ਗਿਆ | ਇਸ ਮੌਕੇ ਹਲਕਾ ਵਿਧਾਇਕ ਫਿਰੋਜ਼ਪੁਰ ਸ਼ਹਿਰੀ ਰਣਬੀਰ ਸਿੰਘ ਭੁੱਲਰ ਨੇ ਸਕੂਲ ਆਫ਼ ਐਮੀਨੈਸ ਫਿਰੋਜ਼ਪੁਰ ਵਿਖੇ ਬਤੌਰ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ | ਉਹਨਾਂ ਦੇ ਨਾਲ ਉਪ ਜ਼ਿਲ੍ਹਾ ਸਿੱਖਿਆ ਅਫਸਰ (ਸੈ.ਸਿ) ਡਾ. ਸਤਿੰਦਰ ਸਿੰਘ ਨੈਸ਼ਨਲ ਅਵਾਰਡੀ ਅਤੇ ਉਪ ਜ਼ਿਲ੍ਹਾ ਸਿੱਖਿਆ ਅਧਿਕਾਰੀ (ਐਲੀਮੈਂਟਰੀ) ਕੋਮਲ ਅਰੋੜਾ ਸਮੇਤ ਹੋਰ ਵਿਭਾਗੀ ਅਧਿਕਾਰੀ ਵੀ ਹਾਜ਼ਰ ਰਹੇ | ਸਕੂਲ ਪਿ੍ੰਸੀਪਲ ਰਜੇਸ਼ ਮਹਿਤਾ ਨੇ ਆਏ ਮਹਿਮਾਨਾਂ ਦਾ ਰਸਮੀ ਰੂਪ ਵਿਚ ਸਵਾਗਤ ਕੀਤਾ | ਸਮਾਗਮ ਵਿਚ ਵੱਡੀ ਗਿਣਤੀ ਵਿਚ ਮਾਪਿਆਂ, ਵਿਦਿਆਰਥੀਆਂ ਅਤੇ ਇਲਾਕੇ ਦੇ ਪਤਵੰਤਿਆਂ ਨੇ ਭਾਗ ਲਿਆ | ਮੁੱਖ ਮਹਿਮਾਨ ਰਣਬੀਰ ਸਿੰਘ ਭੁੱਲਰ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਪੰਜਾਬ ਸਰਕਾਰ ਸਿੱਖਿਆ ਖੇਤਰ ਵਿਚ ਬਦਲਾਅ ਲਿਆਉਣ ਲਈ ਵਚਨਬੱਧ ਹੈ ਅਤੇ ਮਾਪੇ-ਅਧਿਆਪਕ ਮਿਲਣੀਆਂ ਇਸ ਦਿਸ਼ਾ ਵਿਚ ਇਕ ਮੀਲ ਪੱਥਰ ਸਾਬਤ ਹੋ ਰਹੀਆਂ ਹਨ | ਉਹਨਾਂ ਕਿਹਾ ਕਿ ਸਰਕਾਰੀ ਸਕੂਲਾਂ ਵਿੱਚ ਆਧੁਨਿਕ ਸਹੂਲਤਾਂ, ਤਜਰਬੇਕਾਰ ਅਧਿਆਪਕ ਅਤੇ ਸੁਧਰੇ ਹੋਏ ਸਿੱਖਣ ਮਾਹੌਲ ਨਾਲ ਵਿਦਿਆਰਥੀਆਂ ਨੂੰ ਉੱਚ ਗੁਣਵੱਤਾ ਵਾਲੀ ਸਿੱਖਿਆ ਪ੍ਰਦਾਨ ਕੀਤੀ ਜਾ ਰਹੀ ਹੈ | ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਜਲਦ ਹੀ ਸਰਕਾਰੀ ਸਕੂਲਾਂ ਵਿਚ ਡਿਜੀਟਲ ਕ੍ਰਾਂਤੀ ਅਤੇ ਸਿੱਖਿਆ ਕ੍ਰਾਂਤੀ ਭਾਗ ਦੋ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ | ਉਪ ਜ਼ਿਲ੍ਹਾ ਸਿੱਖਿਆ ਅਫਸਰ ਡਾ. ਸਤਿੰਦਰ ਸਿੰਘ ਨੇ ਆਪਣੇ ਵਿਚਾਰਾਂ ਦੌਰਾਨ ਦੱਸਿਆ ਕਿ ਇਹ ਮਿਲਣੀਆਂ ਸਿਰਫ਼ ਇਕ ਰਸਮੀ ਪ੍ਰਕਿਰਿਆ ਨਹੀਂ, ਸਗੋਂ ਮਾਪਿਆਂ ਅਤੇ ਅਧਿਆਪਕਾਂ ਵਿਚਕਾਰ ਮਜ਼ਬੂਤ ਸਾਂਝ ਬਣਾਉਣ ਦਾ ਇੱਕ ਪ੍ਰਭਾਵਸ਼ਾਲੀ ਮਾਧਿਅਮ ਹਨ | ਉਹਨਾਂ ਨੇ ਕਿਹਾ ਕਿ ਵਿਦਿਆਰਥੀਆਂ ਦੀ ਪੜ੍ਹਾਈ, ਹਾਜ਼ਰੀ ਅਤੇ ਸਮੂਹਿਕ ਵਿਕਾਸ ਬਾਰੇ ਖੁੱਲ੍ਹੀ ਚਰਚਾ ਕਰਨਾ ਇਸ ਦਾ ਮੁੱਖ ਉਦੇਸ਼ ਹੈ, ਜਿਸ ਨਾਲ ਬੱਚਿਆਂ ਦੀ ਪ੍ਰਗਤੀ ਨੂੰ ਹੋਰ ਨਿਖਾਰਿਆ ਜਾ ਸਕਦਾ ਹੈ | ਪਿ੍ੰਸੀਪਲ ਰਾਜੇਸ਼ ਮਹਿਤਾ ਨੇ ਸਮਾਗਮ ਦੌਰਾਨ ਸਕੂਲ ਵਿਚ ਉਪਲਬਧ ਆਧੁਨਿਕ ਸਹੂਲਤਾਂ ਅਤੇ ਸਿੱਖਣ ਦੇ ਨਵੇਂ ਤਰੀਕਿਆਂ ਬਾਰੇ ਜਾਣਕਾਰੀ ਸਾਂਝੀ ਕੀਤੀ | ਉਹਨਾਂ ਦੱਸਿਆ ਕਿ ਸਕੂਲ ਵਿਚ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਵਿਸ਼ੇਸ਼ ਯਤਨ ਕੀਤੇ ਜਾ ਰਹੇ ਹਨ | ਇਸ ਮੌਕੇ ਵਿਦਿਆਰਥੀਆਂ ਵਲੋਂ ਤਿਆਰ ਕੀਤੀਆਂ ਪ੍ਰਦਰਸ਼ਨੀਆਂ ਵੀ ਲਗਾਈਆਂ ਗਈਆਂ, ਜਿਨ੍ਹਾਂ ਨੇ ਮਾਪਿਆਂ ਦਾ ਖਾਸ ਧਿਆਨ ਖਿੱਚਿਆ | ਸਮਾਗਮ ਦੌਰਾਨ ਮੋਹਰੀ ਸਥਾਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਉਨ੍ਹਾਂ ਦੇ ਉਤਸ਼ਾਹ ਨੂੰ ਹੋਰ ਵਧਾਇਆ ਗਿਆ | ਇਸ ਮੌਕੇ ਸਿੱਖਿਆ ਵਿਭਾਗ ਵਲੋਂ ਆਉਣ ਵਾਲੀਆਂ ਨਵੀਆਂ ਨੀਤੀਆਂ ਅਤੇ ਸੁਧਾਰਾਂ ਬਾਰੇ ਵੀ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ | ਇਸ ਮੌਕੇ ਐਲਵਿਨ ਭੱਟੀ, ਰਾਜ ਬਹਾਦਰ ਸਿੰਘ ਗਿੱਲ, ਵਿਕਾਸ ਕੁਮਾਰ ਸਿੱਖਿਆ ਕੋਆਰਡੀਨੇਟਰ ,ਅਧਿਆਪਕ ਮਲਕੀਤ ਸਿੰਘ ਹਰਾਜ, ਅਰਵਿੰਦ ਕੌਰ, ਮਧੂ ਨੰਦਾ, ਦਵਿੰਦਰ ਨਾਥ, ਭੁਪਿੰਦਰ ਕੌਰ, ਅਮਨਪ੍ਰੀਤ ਕੌਰ, ਵਰਿੰਦਰ ਕੌਰ, ਰਾਘਵ ਕਪੂਰ ਆਦਿ ਹਾਜ਼ਰ ਸਨ |