ਜ਼ੀਰਾ, 2 ਅਪ੍ਰੈਲ (ਰਜਨੀਸ਼ ਕਥੂਰੀਆ)-ਜ਼ੀਰਾ ਇਲਾਕੇ ਵਿਚ ਕੁਝ ਲੋਕਾਂ ਵਲੋਂ ਤਿਆਰ ਕੀਤੇ ਜਾ ਰਹੇ ਮਿਲਾਵਟੀ ਦੁੱਧ ਅਤੇ ਖਾਦ ਪਦਾਰਥਾਂ ਤੇ ਸਿਹਤ ਵਿਭਾਗ ਸਖ਼ਤੀ ਕਰਕੇ ਉਹਨਾਂ ਦੇ ਖ਼ਿਲਾਫ਼ ਕਾਰਵਾਈ ਕਰੇ | ਇਹ ਮੰਗ ਕਰਦਿਆਂ ਸਥਾਨਕ ਸ਼ਹਿਰ ਦੇ ਹਲਵਾਈ ਰਾਜੀਵ ਕੁਮਾਰ ਜੈਨ ਨੇ ਸ਼ਹਿਰ ਵਿਚ ਹਲਵਾਈ ਦਾ ਕੰਮ ਕਰ ਰਹੇ ਦੁਕਾਨਦਾਰਾਂ ਨੂੰ ਅਪੀਲ ਕੀਤੀ ਕਿ ਉਹ ਕੇਵਲ ਆਪਣੇ ਮੁਨਾਫ਼ੇ ਲਈ ਲੋਕਾਂ ਦੀ ਸਿਹਤ ਨਾਲ ਖਿਲਵਾੜ ਨਾ ਕਰਨ ਅਤੇ ਸ਼ੁੱਧ ਦੁੱਧ ਤੋਂ ਹੀ ਮਠਿਆਈਆਂ ਤਿਆਰ ਕਰਨ | ਰਾਜੀਵ ਕੁਮਾਰ ਜੈਨ ਨੇ ਦੱਸਿਆ ਕਿ ਸਥਾਨਕ ਸ਼ਹਿਰ ਦੇ ਹਲਵਾਈ ਅਤੇ ਆਮ ਲੋਕ ਹੋਰ ਸ਼ਹਿਰਾਂ ਤੋਂ ਤਿਆਰ ਹੋ ਕੇ ਗੈਰ ਮਿਆਰੀ ਅਤੇ ਮਿਲਾਵਟੀ ਮਠਿਆਈ ਅਤੇ ਦੁੱਧ ਤੋਂ ਬਣੇ ਹੋਰ ਸਮਾਨ ਨੂੰ ਸਪਲਾਈ ਕਰਨ ਲਈ ਆਉਂਦੀਆਂ ਗੱਡੀਆਂ ਤੇ ਸਖ਼ਤੀ ਨਾਲ ਨਜ਼ਰ ਰੱਖਣ ਅਤੇ ਸਿਹਤ ਵਿਭਾਗ ਨੂੰ ਅਜਿਹੀਆਂ ਗੱਡੀਆਂ ਦੀ ਸੂਚਨਾ ਦੇ ਕੇ ਉਹਨਾਂ ਦੇ ਖ਼ਿਲਾਫ਼ ਕਾਰਵਾਈ ਕਰਵਾ ਕੇ ਮਨੁੱਖਤਾ ਦਾ ਫ਼ਰਜ਼ ਨਿਭਾਉਣ | ਰਾਜੀਵ ਕੁਮਾਰ ਜੈਨ ਨੇ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਖੁਦ ਵੀ ਸਸਤੀਆਂ ਅਤੇ ਗੈਰ ਮਿਆਰੀ ਮਠਿਆਈਆਂ ਅਤੇ ਦੁੱਧ ਤੋਂ ਬਣੇ ਹੋਰ ਸਮਾਨ ਖ਼ਰੀਦਣ ਤੋਂ ਗੁਰੇਜ਼ ਕਰਨ ਤਾਂ ਜੋ ਮਿਲਾਵਟਖੋਰੀ ਨੂੰ ਨੱਥ ਪੈ ਸਕੇ | ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਦੁੱਧ ਅਤੇ ਇਸ ਤੋਂ ਤਿਆਰ ਕੀਤੇ ਜਾਂਦੇ ਗੈਰ ਮਿਆਰੀ ਸਮਾਨ ਦੇ ਨਮੂਨੇ ਭਰਨ ਲਈ ਅਜਿਹੀਆਂ ਮੋਬਾਈਲ ਵੈਨਾਂ ਚਲਾਈਆਂ ਜਾਣ ਜਿਨਾਂ ਵਿਚ ਮੌਕੇ ਤੇ ਹੀ ਨਮੂਨਿਆਂ ਦੀ ਜਾਂਚ ਕਰਕੇ ਨਤੀਜੇ ਦੇਣ ਵਾਲੀਆਂ ਲੈਬਾਰਟਰੀਆਂ ਹੋਣ ਅਤੇ ਅਜਿਹੇ ਧੰਦੇ ਵਿਚ ਲਿਪਤ ਪਾਏ ਜਾਣ ਵਾਲੇ ਦੋਸ਼ੀਆਂ ਨੂੰ ਮਿਸਾਲੀ ਸਜਾਵਾਂ ਦਿੱਤੀਆਂ ਜਾਣ ਤਾਂ ਜੋ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਵਾਲੇ ਦੂਸਰੇ ਲੋਕਾਂ ਨੂੰ ਸਬਕ ਮਿਲ ਸਕੇ |