ਮੁੱਦਕੀ, 4 ਅਪ੍ਰੈਲ (ਭਾਰਤ ਭੂਸ਼ਨ ਅਗਰਵਾਲ)- ਪੰਜਾਬ ਵਿਚ ਧਰਤੀ ਹੇਠਲਾ ਪਾਣੀ ਤੇਜ਼ੀ ਨਾਲ ਜ਼ਹਿਰੀਲਾ ਅਤੇ ਨਾ-ਪੀਣ ਯੋਗ ਹੋ ਰਿਹਾ ਹੈ, ਜਿਸ ਵੱਲ ਪੰਜਾਬ ਸਰਕਾਰ ਨੂੰ ਫ਼ੌਰੀ ਤੌਰ 'ਤੇ ਧਿਆਨ ਦੇਣਾ ਚਾਹੀਦਾ ਹੈ | ਇਹ ਪ੍ਰਗਟਾਵਾ ਸਮਾਜ ਸੇਵਕ ਬਲਵਿੰਦਰ ਸਿੰਘ ਖੁਰਮੀ (ਖੁਰਮੀ ਜਿਊਲਰਜ਼ ਮੁੱਦਕੀ ਵਾਲੇ) ਨੇ ਕਰਦਿਆਂ ਕਿਹਾ ਕਿ ਪਾਣੀ ਵਿਚ ਯੂਰੇਨੀਅਮ ਅਤੇ ਹੋਰ ਭਾਰੀ ਧਾਤਾਂ ਦੀ ਮਾਤਰਾ ਖ਼ਤਰਨਾਕ ਹੱਦ ਤੱਕ ਵੱਧ ਗਈ ਹੈ | ਜਿਸ ਨਾਲ ਲੋਕ ਭਿਆਨਕ ਬਿਮਾਰੀਆਂ ਦੀ ਗਿ੍ਫ਼ਤ 'ਚ ਆਉਂਦੇ ਜਾ ਰਹੇ ਹਨ | ਉਨ੍ਹਾਂ ਕਿਹਾ ਕਿ ਰਾਜਸਥਾਨ ਨਾਲੋਂ ਵੱਧ ਪਾਣੀ ਦੀ ਖਪਤ ਅਤੇ 400 ਤੋਂ ਵੱਧ ਪਿੰਡਾਂ ਵਿਚ ਪ੍ਰਦੂਸ਼ਿਤ ਪਾਣੀ ਦੇ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਫ਼ੌਰੀ ਤੌਰ 'ਤੇ ਨਹਿਰੀ ਪਾਣੀ ਦੇ ਪ੍ਰਬੰਧਾਂ ਅਤੇ ਫ਼ੈਕਟਰੀਆਂ ਦੇ ਗੰਦੇ ਪਾਣੀ ਨੂੰ ਟਰੀਟ ਕਰਨ ਦੇ ਸੁਧਾਰਾਂ ਦੀ ਸਖ਼ਤ ਲੋੜ ਹੈ | ਬਲਵਿੰਦਰ ਸਿੰਘ ਖੁਰਮੀ ਨੇ ਕਿਹਾ ਕਿ ਪੰਜਾਬ ਵਿਚ ਧਰਤੀ ਹੇਠਲੇ ਪਾਣੀ ਦੀ ਵਰਤੋਂ ਦੇਸ਼ ਵਿਚ ਸਭ ਤੋਂ ਵੱਧ 156 ਫ਼ੀਸਦੀ ਹੈ, ਜਿਸ ਕਾਰਨ ਪਾਣੀ ਦਾ ਪੱਧਰ ਡੂੰਘਾ ਹੋਣ ਦੇ ਨਾਲ-ਨਾਲ ਇਹ ਗੁਣਵੱਤਾ ਪੱਖੋਂ ਵੀ ਜ਼ਹਿਰੀਲਾ ਹੋ ਰਿਹਾ ਹੈ | ਫ਼ੈਕਟਰੀਆਂ ਦਾ ਜ਼ਹਿਰੀਲਾ ਰਸਾਇਣਿਕ ਪਾਣੀ ਅਤੇ ਖੇਤੀਬਾੜੀ ਵਿਚ ਕੀਟਨਾਸ਼ਕਾਂ ਦੀ ਬਹੁਤ ਜ਼ਿਆਦਾ ਵਰਤੋਂ ਪਾਣੀ ਨੂੰ ਪ੍ਰਦੂਸ਼ਿਤ ਕਰ ਰਹੀ ਹੈ | ਉਨ੍ਹਾਂ ਮੰਗ ਕੀਤੀ ਕਿ ਕੇਂਦਰ ਅਤੇ ਰਾਜ ਸਰਕਾਰ ਨੂੰ ਪਾਣੀ ਦੀ ਸ਼ੁੱਧਤਾ ਨੂੰ ਬਰਕਰਾਰ ਰੱਖਣ ਲਈ ਠੋਸ ਕਦਮ ਚੁੱਕਣੇ ਚਾਹੀਦੇ ਹਨ |