ਤਲਵੰਡੀ ਭਾਈ, 4 ਅਪ੍ਰੈਲ (ਰਵਿੰਦਰ ਸਿੰਘ ਬਜਾਜ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਚੱਲ ਰਹੀ ਇਲਾਕੇ ਦੀ ਸਿਰਮੌਰ ਸੰਸਥਾ ਮਾਤਾ ਸਾਹਿਬ ਕੌਰ ਖ਼ਾਲਸਾ ਕਾਲਜ ਤਲਵੰਡੀ ਭਾਈ ਵਿਖੇ ਕਾਰਜਕਾਰੀ ਪਿ੍ੰਸੀਪਲ ਮੈਡਮ ਰਾਜਵਿੰਦਰ ਕੌਰ ਦੀ ਅਗਵਾਈ 'ਚ ਸਾਇੰਸ ਵਿਭਾਗ ਵਲੋਂ ਸਟੂਡੈਂਟ ਇਨੋਵੇਸ਼ਨ ਕਾਰਨੀਵਾਲ ਕਰਵਾਇਆ ਗਿਆ | ਜਿਸ ਵਿਚ ਡਾ. ਮੋਕਸ਼ੀ ਸ਼ਰਮਾ ਹੈੱਡ ਆਫ਼ ਜੂਆਲੋਜੀ ਡਿਪਾਰਟਮੈਂਟ ਦੇਵ ਸਮਾਜ ਕਾਲਜ ਫ਼ਿਰੋਜ਼ਪੁਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ | ਇਸ ਦੌਰਾਨ ਵਿਦਿਆਰਥੀਆਂ ਦੇ ਪੋਸਟਰ ਪ੍ਰੈਜੈਂਟਸ਼ਨ, ਪਾਵਰ ਪੁਆਇੰਟ ਪੈ੍ਰਜ਼ਨਟੇਸ਼ਨ, ਕੁਇਜ਼ ਮੁਕਾਬਲੇ, ਰੰਗੋਲੀ, ਚਾਰਟ ਮੇਕਿੰਗ ਅਤੇ ਮਾਡਲ ਮੇਕਿੰਗ ਆਦਿ ਮੁਕਾਬਲੇ ਕਰਵਾਏ ਗਏ | ਇਨ੍ਹਾਂ ਗਤੀਵਿਧੀਆਂ ਰਾਹੀਂ ਵਿਦਿਆਰਥੀਆਂ ਨੂੰ ਆਪਣੀ ਰਚਨਾਤਮਿਕਤਾ ਨਵੀਨਤਾ ਅਤੇ ਵਿਗਿਆਨਕ ਸੋਚ ਨੂੰ ਪ੍ਰਗਟ ਕਰਨ ਦਾ ਸ਼ਾਨਦਾਰ ਮੌਕਾ ਮਿਲਿਆ | ਮੁੱਖ ਮਹਿਮਾਨ ਡਾ: ਮੋਕਸ਼ੀ ਸ਼ਰਮਾ ਨੇ ਆਪਣੇ ਸੰਬੋਧਨ ਵਿਚ ਵਿਦਿਆਰਥੀਆਂ ਨੂੰ ਨਵੀਂ ਸੋਚ ਅਪਣਾਉਣ ਅਤੇ ਅਜਿਹੀਆਂ ਅਕਾਦਮਿਕ ਅਤੇ ਰਚਨਾਤਮਿਕ ਗਤੀਵਿਧੀਆਂ ਵਿਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ | ਕਾਲਜ ਦੇ ਕਾਰਜਕਾਰੀ ਪਿ੍ੰਸੀਪਲ ਰਾਜਵਿੰਦਰ ਕੌਰ ਨੇ ਕਾਲਜ ਵਿਚ ਹੋ ਰਹੀਆਂ ਗਤੀਵਿਧੀਆਂ ਦੀ ਮਹੱਤਤਾ ਬਾਰੇ ਦੱਸਿਆ ਤੇ ਕਿਹਾ ਕਿ ਅਜਿਹੇ ਤਜਰਬੇ ਜੀਵਨ ਵਿਚ ਕਾਮਯਾਬੀ ਹਾਸਲ ਕਰਨ ਲਈ ਬਹੁਤ ਜ਼ਰੂਰੀ ਹਨ | ਇਹ ਸਮਾਗਮ ਵਿਦਿਆਰਥੀ ਦੀ ਪ੍ਰਤਿਭਾ ਰਚਨਾਤਮਿਕਤਾ ਅਤੇ ਨਵੀਨਤਾ ਦੇ ਜਜ਼ਬੇ ਨੂੰ ਸਮਰਪਿਤ ਯਾਦਗਾਰੀ ਤਰੀਕੇ ਨਾਲ ਸੰਪੰਨ ਹੋਇਆ | ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਜਥੇਦਾਰ ਸਤਪਾਲ ਸਿੰਘ ਤਲਵੰਡੀ ਨੇ ਸਾਇੰਸ ਵਿਭਾਗ ਵਲੋਂ ਕਰਵਾਏ ਇਸ ਪ੍ਰੋਗਰਾਮ ਦੀ ਸ਼ਲਾਘਾ ਕੀਤੀ |