ਮੁੱਦਕੀ, 9 ਅਪ੍ਰੈਲ (ਭਾਰਤ ਭੂਸ਼ਨ ਅਗਰਵਾਲ)-ਪੰਜਾਬ ਅੰਦਰ ਦਿਨੋਂ-ਦਿਨ ਵੱਧ ਰਹੀ ਨਕਲੀ ਪਦਾਰਥਾਂ ਦੀ ਵਿੱਕਰੀ ਨੂੰ ਰੋਕਣ ਲਈ ਕਿਸਾਨ ਜਥੇਬੰਦੀਆਂ ਅਤੇ ਸਮਾਜ ਸੇਵੀਆਂ ਵਲੋਂ ਜਿੱਥੇ ਲੋਕਾਂ ਨੂੰ ਸੁਚੇਤ ਕੀਤਾ ਜਾ ਰਿਹਾ ਹੈ | ਉੱਥੇ ਹੀ ਅਜਿਹੇ ਧੰਦੇ 'ਚ ਲਿਪਤ ਦੁਕਾਨਦਾਰਾਂ ਨੂੰ ਨਕਲੀ ਪਦਾਰਥ ਵੇਚਣ ਤੋਂ ਗੁਰੇਜ਼ ਕਰਨ ਦੀ ਚਿਤਾਵਨੀ ਦਿੱਤੀ ਜਾ ਰਹੀ ਹੈ | ਇਸੇ ਦੇ ਚੱਲਦਿਆਂ ਅੱਜ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਇਕਾਈ ਮੁੱਦਕੀ ਦੇ ਕਿਸਾਨਾਂ ਵਲੋਂ ਕਸਬੇ ਅੰਦਰ ਅਨਾੳਾੂਸਮੈਂਟ ਕਰਵਾ ਕੇ ਦੁਕਾਨਦਾਰਾਂ ਨੂੰ ਨਕਲੀ ਦੁੱਧ, ਘਿਉ, ਨਕਲੀ ਬੀਜ ਵੇਚਣ ਤੋਂ ਗੁਰੇਜ਼ ਕਰਨ ਲਈ ਕਿਹਾ | ਕਿਸਾਨ ਆਗੂਆਂ ਨੇ ਕਿਹਾ ਕਿ ਦੁਕਾਨਦਾਰਾਂ ਨੂੰ ਅਪੀਲ ਕੀਤੀ ਕਿ ਨਕਲੀ ਵਸਤੂਆਂ ਵੇਚਣ ਨਾਲ ਜਿੱਥੇ ਗਾਹਕਾਂ ਦੀ ਆਰਥਿਕ ਲੁੱਟ ਹੁੰਦੀ ਹੈ, ਉੱਥੇ ਹੀ ਮਨੁੱਖੀ ਸਰੀਰ 'ਤੇ ਮਾੜਾ ਅਸਰ ਪੈਂਦਾ ਹੈ | ਇਸ ਤੋਂ ਇਲਾਵਾ ਕਿਸਾਨ ਆਗੂਆਂ ਨੇ ਸਮੂਹ ਦੁਕਾਨਦਾਰਾਂ ਨੂੰ ਕਿਹਾ ਕਿ ਹਾੜ੍ਹੀ ਦੇ ਸੀਜ਼ਨ ਦੇ ਚੱਲਦਿਆਂ ਜਿਨ੍ਹਾਂ ਦੁਕਾਨਦਾਰਾਂ ਨੇ ਦੁਕਾਨਾਂ ਦੇ ਬਾਹਰ ਸਾਮਾਨ ਲਗਾਇਆ ਹੋਇਆ ਹੈ | ਉਸ ਨੂੰ ਅੰਦਰ ਲਗਾਉਣ, ਕਿਉਂਕਿ ਸੀਜ਼ਨ ਦੌਰਾਨ ਜਿੱਥੇ ਟਰੈਕਟਰ ਟਰਾਲੀਆਂ, ਕੰਬਾਈਨਾਂ ਅਤੇ ਹੋਰ ਵਾਹਨਾਂ ਦੀ ਆਵਾਜਾਈ 'ਚ ਵਾਧਾ ਹੁੰਦਾ ਹੈ | ਉੱਥੇ ਹੀ ਭੀੜ ਹੋਣ ਕਾਰਨ ਸੜਕ 'ਤੇ ਵਾਹਨਾਂ ਨੂੰ ਲੰਘਾਉਣਾ ਮੁਸ਼ਕਿਲ ਹੋ ਜਾਂਦਾ ਹੈ | ਉਨ੍ਹਾਂ ਨੇ ਦੁਕਾਨਦਾਰਾਂ ਨੂੰ ਕਿਹਾ ਕਿ ਬਾਹਰਲੇ ਕਿਸੇ ਵੀ ਵਿਅਕਤੀ ਨੂੰ ਉਗਰਾਹੀ ਨਾ ਦਿੱਤੀ ਜਾਵੇ, ਜੇਕਰ ਕੋਈ ਵਿਅਕਤੀ ਉਨ੍ਹਾਂ ਨਾਲ ਧੱਕਾ ਕਰਦਾ ਹੈ ਤਾਂ ਦੁਕਾਨਦਾਰ ਉਨ੍ਹਾਂ ਨਾਲ ਸੰਪਰਕ ਕਰਨ | ਇਸ ਤੋਂ ਬਾਅਦ ਕਿਸਾਨ ਆਗੂ ਦਾਣਾ ਮੰਡੀ ਮੁੱਦਕੀ ਵਿਖੇ ਪਹੁੰਚੇ, ਜਿੱਥੇ ਉਨ੍ਹਾਂ ਦੇਖਿਆ ਕਿ ਮੰਡੀ ਅੰਦਰ ਸਫ਼ਾਈ ਦੇ ਕੋਈ ਪ੍ਰਬੰਧ ਨਹੀਂ ਸਨ ਤੇ ਜਗ੍ਹਾ-ਜਗ੍ਹਾ ਜਿੱਥੇ ਕੂੜੇ ਦੇ ਢੇਰ ਲੱਗੇ ਹੋਏ ਸਨ, ਉੱਥੇ ਖੱਡਿਆਂ ਵਿਚ ਬਾਰਸ਼ਾਂ ਦਾ ਪਾਣੀ ਛੱਪੜ ਦਾ ਰੂਪ ਧਾਰਨ ਕਰੀ ਬੈਠਾ ਸੀ | ਕਿਸਾਨ ਆਗੂਆਂ ਗੁਰਜੰਟ ਸਿੰਘ, ਸੁਖਮੰਦਰ ਸਿੰਘ ਖੋਸਾ, ਜੋਧ ਸਿੰਘ, ਜਸਕਰਨ ਸਿੰਘ ਮੱਲਾ, ਜੋਗਿੰਦਰ ਸਿੰਘ ਸੰਧੂ, ਬਿੰਦਰ ਸਿੰਘ ਸਰਾਂ, ਤਰਸੇਮ ਸਿੰਘ ਸਰਾਂ, ਗੁਰਮੇਲ ਸਿੰਘ ਖੋਸਾ, ਗੁਰਮੇਲ ਸਿੰਘ ਸਰਾਂ, ਸਤਵੰਤ ਸਿੰਘ ਖੋਸਾ, ਭਜਨ ਸਿੰਘ ਖੋਸਾ, ਮਾਸਟਰ ਛਿੰਦਰ ਸਿੰਘ ਆਦਿ ਨੇ ਮੰਡੀ ਬੋਰਡ ਦੇ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਕਿਸਾਨ ਕਣਕ ਦੀ ਫ਼ਸਲ ਵੱਢ ਕੇ ਮੰਡੀ 'ਚ ਲਿਆਉਣ ਲਈ ਤਿਆਰ ਹਨ, ਇਸ ਲਈ ਮੰਡੀ ਅੰਦਰ ਜਲਦ ਤੋਂ ਜਲਦ ਸਫ਼ਾਈ ਦੇ ਪ੍ਰਬੰਧ ਕੀਤੇ ਜਾਣ ਤਾਂ ਜੋ ਕਿਸਾਨਾਂ ਨੂੰ ਕਿਸੇ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ |