ਫ਼ਿਰੋਜ਼ਪੁਰ, 9 ਅਪ੍ਰੈਲ (ਰਾਕੇਸ਼ ਚਾਵਲਾ)-ਫ਼ਿਰੋਜ਼ਪੁਰ ਮੰਡਲ ਦੇ ਅਧੀਨ ਅੰਮਿ੍ਤਸਰ ਸਟੇਸ਼ਨ 'ਤੇ ਤਾਇਨਾਤ ਟਿਕਟ ਚੈਕਿੰਗ ਸਟਾਫ਼ ਪਲਵਿੰਦਰ ਸਿੰਘ ਅਤੇ ਸੌਰਵ ਵਰਮਾ ਦੀ ਮੁਸਤੈਦੀ ਸਦਕਾ ਇੱਕ ਯਾਤਰੀ ਦਾ ਗੁਆਚਿਆ ਹੋਇਆ ਲੈਪਟਾਪ ਉਸ ਦੇ ਮਾਲਕ ਨੂੰ ਸੌਂਪ ਦਿੱਤਾ ਗਿਆ | ਬੀਤੇ ਦਿਨ ਟਰੇਨ ਨੰਬਰ 12926 ਪੱਛਮ ਸੁਪਰ-ਫਾਸਟ ਐਕਸਪੈੱ੍ਰਸ ਵਿਚ ਸਫ਼ਰ ਕਰ ਰਿਹਾ ਇੱਕ ਯਾਤਰੀ ਅਨਜਾਣੇ ਵਿਚ ਆਪਣਾ ਬੈਗ ਟਰੇਨ ਵਿਚ ਹੀ ਭੁੱਲ ਗਿਆ, ਜਿਸ ਵਿਚ ਉਸ ਦਾ ਕੀਮਤੀ ਲੈਪਟਾਪ ਸੀ | ਯਾਤਰੀ ਵਲੋਂ 'ਰੇਲ ਮਦਦ' ਰਾਹੀਂ ਲੈਪਟਾਪ ਗੁੰਮ ਹੋਣ ਬਾਰੇ ਸ਼ਿਕਾਇਤ ਦਰਜ ਕਰਵਾਈ ਗਈ ਸੀ | ਘਟਨਾ ਦੀ ਸੂਚਨਾ ਵਪਾਰਕ ਕੰਟਰੋਲ ਫ਼ਿਰੋਜ਼ਪੁਰ ਤੋਂ ਪ੍ਰਾਪਤ ਹੁੰਦੇ ਹੀ ਟਿਕਟ ਚੈਕਿੰਗ ਸਟਾਫ਼ ਪਲਵਿੰਦਰ ਸਿੰਘ ਅਤੇ ਸੌਰਵ ਵਰਮਾ ਨੇ ਤੁਰੰਤ ਕਾਰਵਾਈ ਕਰਦੇ ਹੋਏ ਲੈਪਟਾਪ ਦੀ ਭਾਲ ਸ਼ੁਰੂ ਕਰ ਦਿੱਤੀ | ਸਖ਼ਤ ਮਿਹਨਤ ਤੋਂ ਬਾਅਦ ਉਨ੍ਹਾਂ ਨੇ ਲੈਪਟਾਪ ਲੱਭ ਲਿਆ ਅਤੇ ਇਸ ਨੰੂ ਚੰਡੀਗੜ੍ਹ ਰੇਲਵੇ ਸਟੇਸ਼ਨ 'ਤੇ ਆਰ.ਪੀ.ਐੱਫ. ਚੰਡੀਗੜ੍ਹ ਦੀ ਮੌਜੂਦਗੀ ਵਿਚ ਸੁਰੱਖਿਅਤ ਰੂਪ ਨਾਲ ਉਸ ਦੇ ਮਾਲਕ ਦੇ ਹਵਾਲੇ ਕਰ ਦਿੱਤਾ | ਯਾਤਰੀ ਨੇ ਰੇਲਵੇ ਸਟਾਫ਼ ਦੀ ਇਸ ਮੁਸਤੈਦੀ ਲਈ ਉਨ੍ਹਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ | ਫ਼ਿਰੋਜ਼ਪੁਰ ਮੰਡਲ ਆਪਣੇ ਯਾਤਰੀਆਂ ਦੀ ਸੁਰੱਖਿਆ ਅਤੇ ਸਹੂਲਤ ਲਈ ਹਮੇਸ਼ਾ ਵਚਨਬੱਧ ਹੈ |