ਫ਼ਿਰੋਜ਼ਪੁਰ, 11 ਅਪ੍ਰੈਲ (ਰਾਕੇਸ਼ ਚਾਵਲਾ)-ਜ਼ਿਲ੍ਹਾ ਫ਼ਿਰੋਜ਼ਪੁਰ ਦੀ ਕੈਂਟ ਪੁਲਿਸ ਨੂੰ ਉਸ ਵੇਲੇ ਸਫਲਤਾ ਮਿਲੀ ਜਦੋਂ ਪੁਲਿਸ ਰਿਮਾਂਡ 'ਤੇ ਚੱਲ ਰਹੇ ਇੱਕ ਮੁਲਜ਼ਮ ਦੀ ਨਿਸ਼ਾਨਦੇਹੀ 'ਤੇ ਦੋ ਨਾਜਾਇਜ਼ ਪਿਸਤੌਲ ਬਰਾਮਦ ਕੀਤੇ ਗਏ | ਪੁਲਿਸ ਨੇ ਮੁਲਜ਼ਮ ਖ਼ਿਲਾਫ਼ ਅਸਲਾ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ | ਏ.ਐੱਸ.ਆਈ. ਸ਼ਰਮਾ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੁਲਿਸ ਪਾਰਟੀ ਵਲੋਂ ਮੁਕੱਦਮਾ ਨੰਬਰ 63 ਦਰਜ 29 ਮਾਰਚ 2026 ਦੇ ਸਬੰਧ ਵਿਚ ਮੁਲਜ਼ਮ ਪਰਮਿੰਦਰ ਸਿੰਘ ਉਰਫ਼ ਲੱਭੂ, ਪੁੱਤਰ ਸੁਖਦੇਵ ਸਿੰਘ, ਵਾਸੀ ਪਿੰਡ ਨਾਰੰਗ ਕੇ ਸਿਆਲ ਨੂੰ ਗਿ੍ਫ਼ਤਾਰ ਕੀਤਾ ਗਿਆ ਸੀ | ਪੁੱਛਗਿੱਛ ਅਤੇ ਪੁਲਿਸ ਰਿਮਾਂਡ ਦੌਰਾਨ ਮੁਲਜ਼ਮ ਨੇ ਮੰਨਿਆ ਕਿ ਉਸ ਨੇ ਹਥਿਆਰ ਛੁਪਾ ਕੇ ਰੱਖੇ ਹੋਏ ਹਨ | ਮੁਲਜ਼ਮ ਦੀ ਨਿਸ਼ਾਨਦੇਹੀ 'ਤੇ ਪੁਲਿਸ ਨੇ ਸ਼ਮਸ਼ਾਨਘਾਟ ਰੋਡ, ਪੁਰਾਣਾ ਡੇਅਰੀ ਫਾਰਮ ਫ਼ਿਰੋਜ਼ਪੁਰ ਕੈਂਟ ਦੇ ਨੇੜੇ ਬਣੇ ਇਕ ਕਮਰੇ ਵਿਚੋਂ ਇੱਟਾਂ ਹੇਠਾਂ ਲੁਕਾ ਕੇ ਰੱਖੇ ਇਕ ਪਿਸਤੌਲ 32 ਬੋਰ ਸਮੇਤ ਮੈਗਜ਼ੀਨ, ਇਕ ਪਿਸਤੌਲ 30 ਬੋਰ ਸਮੇਤ ਮੈਗਜ਼ੀਨ ਬਰਾਮਦ ਕੀਤੇ ਗਏ ਇਹ ਹਥਿਆਰ ਇੱਕ ਲਿਫ਼ਾਫ਼ੇ ਵਿਚ ਲਪੇਟ ਕੇ ਰੱਖੇ ਹੋਏ ਸਨ | ਪੁਲਿਸ ਨੇ ਦੱਸਿਆ ਕਿ ਮੁਲਜ਼ਮ ਖ਼ਿਲਾਫ਼ ਪਹਿਲਾਂ ਹੀ ਮਾਮਲਾ ਦਰਜ ਕੀਤਾ ਗਿਆ ਅਤੇ ਹੁਣ ਹਥਿਆਰਾਂ ਦੀ ਬਰਾਮਦਗੀ ਤੋਂ ਬਾਅਦ ਉਸ ਵਿਰੁੱਧ 25 ਅਸਲਾ ਐਕਟ ਦੇ ਤਹਿਤ ਵੱਖਰਾ ਕੇਸ ਦਰਜ ਕਰ ਲਿਆ ਗਿਆ ਹੈ |