ਮੰਡੀ ਲਾਧੂਕਾ, 24 ਅਪ੍ਰੈਲ (ਰਾਕੇਸ਼ ਛਾਬੜਾ)-ਈ.ਟੀ.ਟੀ ਅਧਿਆਪਕ ਯੂਨੀਅਨ ਨੇ ਪੰਜਾਬ ਸਰਕਾਰ ਵਲੋਂ ਅਧਿਆਪਕ ਦੀਆਂ ਡਿਊਟੀਆਂ ਮਰਦਮਸ਼ੁਮਾਰੀ ਤੇ ਲਗਾਏ ਜਾਣ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ | ਯੂਨੀਅਨ ਦੇ ਸੂਬਾ ਸਕੱਤਰ ਛਿੰਦਰ ਸਿੰਘ ਲਾਧੂਕਾ ਨੇ ਕਿਹਾ ਹੈ ਅਧਿਆਪਕਾਂ ਦੀਆਂ ਮਰਦਮਸ਼ੁਮਾਰੀ ਤੇ ਡਿਊਟੀਆਂ ਲੱਗਣ ਕਾਰਨ ਵੱਡੀ ਗਿਣਤੀ ਸਕੂਲ ਅਧਿਆਪਕਾਂ ਤੋਂ ਸੱਖਣੇ ਹੋ ਗਏ ਹਨ | ਉਨ੍ਹਾਂ ਨੇ ਕਿਹਾ ਹੈ ਪ੍ਰਸ਼ਾਸਨ ਨੇ ਯੋਜਨਾਬੰਦੀ ਤੋਂ ਬਗੈਰ ਅਧਿਆਪਕਾਂ ਦੀ ਜਨਗਣਨਾ ਤੇ ਡਿਊਟੀ ਲਗਾ ਦਿੱਤੀ ਹੈ, ਜਿਸ ਕਾਰਨ ਸਕੂਲਾਂ ਵਿਚ ਸਿੱਖਿਆ ਦੇ ਮਿਆਰ ਤੇ ਬਹੁਤ ਬੁਰਾ ਪਵੇਗਾ | ਉਨ੍ਹਾਂ ਨੇ ਕਿਹਾ ਹੈ ਪਹਿਲਾਂ ਤੋਂ ਹੀ ਸਰਕਾਰੀ ਸਕੂਲਾਂ ਵਿਚ ਅਧਿਆਪਕਾਂ ਦੀ ਘਾਟ ਚੱਲ ਰਹੀ ਹੈ | ਉਨ੍ਹਾਂ ਨੇ ਕਿਹਾ ਹੈ ਪ੍ਰਸ਼ਾਸਨ ਨੇ ਅਧਿਆਪਕਾਂ ਦੀ ਮਰਦਮਸ਼ੁਮਾਰੀ ਤੇ ਡਿਊਟੀ ਲਗਾਉਣ ਵੇਲੇ ਅਧਿਆਪਕਾਂ ਦੀ ਸਥਾਨਕ ਪਿੰਡਾਂ ਵਿਚ ਡਿਊਟੀ ਲਗਾਏ ਜਾਣ ਦੇ ਬਜਾਏ ਦੂਰ ਦੁਰਾਡੇ ਦੇ ਪਿੰਡਾਂ ਵਿਚ ਡਿਊਟੀ ਲਗਾਈ ਹੈ, ਜਿਸ ਕਰਕੇ ਅਧਿਆਪਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਉਨ੍ਹਾਂ ਨੇ ਕਿਹਾ ਹੈ ਪ੍ਰਸ਼ਾਸਨ ਨੇ ਜੇਕਰ ਅਧਿਆਪਕਾਂ ਦੀ ਮਰਦਮਸ਼ੁਮਾਰੀ ਤੇ ਡਿਊਟੀ ਲਗਾਉਣੀ ਸੀ, ਅਧਿਆਪਕਾਂ ਦੀ ਆਪਣੇ ਪਿੰਡਾਂ ਵਿਚ ਹੀ ਡਿਊਟੀ ਲਗਾ ਦਿੰਦੇ, ਤਾਂ ਜੋ ਅਧਿਆਪਕ ਸਕੂਲ ਟਾਈਮ ਤੋਂ ਬਾਅਦ ਬਿਹਤਰ ਢੰਗ ਦੇ ਨਾਲ ਇਸ ਕੰਮ ਨੂੰ ਅੰਜਾਮ ਦੇ ਸਕਦੇ | ਉਨ੍ਹਾਂ ਨੇ ਪੰਜਾਬ ਸਰਕਾਰ ਤੋਂ ਅਧਿਆਪਕਾਂ ਦੀ ਗੈਰ ਸਿੱਖਿਅਕ ਕੰਮਾਂ ਵਿਚ ਲਗਾਈ ਜਾਂਦੀ ਡਿਊਟੀ ਦੇ ਵਰਤਾਰੇ ਨੂੰ ਬੰਦ ਕੀਤੇ ਜਾਣ ਦੀ ਮੰਗ ਕੀਤੀ ਹੈ |