ਅਬੋਹਰ,24 ਅਪ੍ਰੈਲ (ਵਿਵੇਕ ਹੂੜੀਆ)-ਸਿਵਲ ਪਸ਼ੂ ਹਸਪਤਾਲ ਅਬੋਹਰ ਵਲੋਂ 'ਵਿਸ਼ਵ ਪਸ਼ੂ ਚਿਕਿਤਸਾ ਦਿਵਸ' (ਵਰਲਡ ਵੈਟਰਨਰੀ ਡੇ) ਦੇ ਮੌਕੇ 'ਤੇ ਇਕ ਵਿਸ਼ੇਸ਼ ਜਾਗਰੂਕਤਾ ਪ੍ਰੋਗਰਾਮ ਅਤੇ ਟੀਕਾਕਰਨ ਕੈਂਪ ਦਾ ਆਯੋਜਨ ਕੀਤਾ ਜਾ ਰਿਹਾ ਹੈ | ਇਹ ਪ੍ਰੋਗਰਾਮ ਡਿਪਟੀ ਡਾਇਰੈਕਟਰ ਡਾ.ਮਨਦੀਪ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਹੇਠ ਉਲੀਕਿਆ ਗਿਆ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਵੈਟਰਨਰੀ ਅਫ਼ਸਰ ਡਾ.ਅਮਿੱਤ ਨੈਨ ਨੇ ਦੱਸਿਆ ਕਿ ਇਸ ਸਾਲ ਦਾ ਵਿਸ਼ਾ ਪਸ਼ੂ ਚਿਕਿਤਸਕਾਂ ਵਲੋਂ ਪਸ਼ੂ ਸਿਹਤ, ਭੋਜਨ ਸੁਰੱਖਿਆ ਅਤੇ ਜਨਤਕ ਸਿਹਤ ਦੀ ਰਾਖੀ ਕਰਨ 'ਤੇ ਕੇਂਦਰਿਤ ਹੈ | ਉਨ੍ਹਾਂ ਕਿਹਾ ਕਿ ਪਸ਼ੂ ਡਾਕਟਰ ਨਾ ਸਿਰਫ਼ ਜਾਨਵਰਾਂ ਦਾ ਇਲਾਜ ਕਰਦੇ ਹਨ, ਸਗੋਂ 'ਜ਼ੂਨੋਟਿਕ' (ਪਸ਼ੂਆਂ ਤੋਂ ਮਨੁੱਖਾਂ ਵਿਚ ਫੈਲਣ ਵਾਲੀਆਂ) ਬਿਮਾਰੀਆਂ ਨੂੰ ਰੋਕ ਕੇ ਮਨੁੱਖੀ ਸਿਹਤ ਦੀ ਸੁਰੱਖਿਆ ਵਿਚ ਵੀ ਅਹਿਮ ਭੂਮਿਕਾ ਨਿਭਾਉਂਦੇ ਹਨ | ਡਾ.ਨੈਨ ਨੇ ਦੱਸਿਆ ਕਿ ਸਿਵਲ ਪਸ਼ੂ ਹਸਪਤਾਲ ਅਬੋਹਰ ਵਿਖੇ ਅੱਜ 25 ਅਪ੍ਰੈਲ ਨੂੰ ਸਵੇਰੇ 11 ਵਜੇ ਤੋਂ ਦੁਪਹਿਰ 2 ਵਜੇ ਤੱਕ ਮੁਫ਼ਤ ਐਂਟੀ-ਰੇਬੀਜ਼ ਟੀਕਾਕਰਨ ਕੈਂਪ ਲਗਾਇਆ ਜਾਵੇਗਾ | ਇਸ ਕੈਂਪ ਵਿਚ ਪਾਲਤੂ ਅਤੇ ਆਵਾਰਾ ਪਸ਼ੂਆਂ ਨੂੰ ਰੇਬੀਜ਼ ਵਰਗੀ ਘਾਤਕ ਬਿਮਾਰੀ ਤੋਂ ਬਚਾਉਣ ਲਈ ਮੁਫ਼ਤ ਟੀਕੇ ਲਗਾਏ ਜਾਣਗੇ | ਉਨ੍ਹਾਂ ਨੇ ਸਮੂਹ ਪਸ਼ੂ ਮਾਲਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਕੈਂਪ ਦਾ ਵੱਧ ਤੋਂ ਵੱਧ ਲਾਭ ਉਠਾਉਣ | ਇਸ ਦੌਰਾਨ ਲੋਕਾਂ ਨੂੰ ਭੋਜਨ ਸੁਰੱਖਿਆ, ਪਸ਼ੂਆਂ ਦੇ ਨਿਯਮਤ ਟੀਕਾਕਰਨ ਅਤੇ ਸਵੱਛਤਾ ਬਾਰੇ ਵੀ ਜਾਗਰੂਕ ਕੀਤਾ ਜਾਵੇਗਾ |