ਫ਼ਾਜ਼ਿਲਕਾ, 28 ਅਪ੍ਰੈਲ (ਦਵਿੰਦਰ ਪਾਲ ਸਿੰਘ)-ਡੀ.ਏ.ਵੀ.ਕਾਲਜ ਆਫ਼ ਐਜੂਕੇਸ਼ਨ ਫ਼ਾਜ਼ਿਲਕਾ ਵਿਖੇ ਬੀ.ਐਡ.ਸੈਸ਼ਨ 2025-27 ਦੇ ਵਿਦਿਆਰਥੀਆਂ ਵਲੋਂ ਸੈਸ਼ਨ 2024-26 ਦੇ ਵਿਦਿਆਰਥੀਆਂ ਦੇ ਸਨਮਾਨ ਵਿਚ ਸਾਲਾਨਾ ਵਿਦਾਇਗੀ ਸਮਾਰੋਹ ਧੂਮ-ਧਾਮ ਅਤੇ ਉਤਸ਼ਾਹ ਨਾਲ ਕਰਵਾਇਆ ਗਿਆ | ਇਹ ਸਮਾਰੋਹ ਕਾਲਜ ਦੇ ਪਿ੍ੰਸੀਪਲ ਡਾ.ਅਨੁਰਾਗ ਅਸੀਜਾ ਦੀ ਰਹਿਨੁਮਾਈ ਹੇਠ ਯੂਥ ਅਤੇ ਸਰਵਿਸ ਕਲੱਬ ਵਲੋਂ ਬਹੁਤ ਹੀ ਸੁਚੱਜੇ ਢੰਗ ਨਾਲ ਨੇਪਰੇ ਚਾੜਿ੍ਹਆ ਗਿਆ | ਇਸ ਮੌਕੇ ਡਾ.ਅਮਿੱਤ ਪੋਪਲੀ ਸਮੇਤ ਸਮੂਹ ਸਟਾਫ਼ ਦਾ ਵਿਸ਼ੇਸ਼ ਸਹਿਯੋਗ ਰਿਹਾ | ਸਮਾਰੋਹ ਦੌਰਾਨ ਉਨ੍ਹਾਂ ਹੋਣਹਾਰ ਵਿਦਿਆਰਥੀਆਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ, ਜਿਨ੍ਹਾਂ ਨੇ ਪ੍ਰੀਖਿਆਵਾਂ ਵਿਚ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕਰਕੇ ਕਾਲਜ ਦਾ ਨਾਂ ਰੌਸ਼ਨ ਕੀਤਾ ਹੈ | ਇਸ ਤੋਂ ਇਲਾਵਾ ਯੂਨੀਵਰਸਿਟੀ ਪੱਧਰ ਦੀਆਂ ਵੱਖ-ਵੱਖ ਗਤੀਵਿਧੀਆਂ ਵਿਚ ਮੱਲ੍ਹਾਂ ਮਾਰਨ ਵਾਲੇ ਵਿਦਿਆਰਥੀਆਂ ਦਾ ਵੀ ਸਨਮਾਨ ਕੀਤਾ ਗਿਆ | ਪਿ੍ੰਸੀਪਲ ਡਾ.ਅਨੁਰਾਗ ਅਸੀਜਾ ਨੇ ਆਪਣੇ ਸੰਬੋਧਨ ਵਿਚ ਵਿਦਿਆਰਥੀਆਂ ਨੂੰ ਜੀਵਨ ਵਿਚ ਮਿਹਨਤ, ਅਨੁਸ਼ਾਸਨ ਅਤੇ ਸਮਰਪਣ ਦੀ ਮਹੱਤਤਾ ਬਾਰੇ ਪ੍ਰੇਰਨਾਦਾਇਕ ਵਿਚਾਰ ਸਾਂਝੇ ਕੀਤੇ ਅਤੇ ਉਨ੍ਹਾਂ ਦੇ ਉੱਜਵਲ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ | ਸਮਾਰੋਹ ਦੌਰਾਨ ਵਿਦਿਆਰਥੀਆਂ ਦੇ ਹੁਨਰ ਅਤੇ ਸ਼ਖ਼ਸੀਅਤ ਦੇ ਆਧਾਰ 'ਤੇ ਵੱਖ-ਵੱਖ ਖ਼ਿਤਾਬ ਦਿੱਤੇ ਗਏ | ਉਨ੍ਹਾਂ ਦੱਸਿਆ ਕਿ ਮਨੀਸ਼ਾ ਨੂੰ ਮਿਸ ਫੇਅਰਵੈੱਲ, ਯੁਵਰਾਜ ਸਿੰਘ ਨੂੰ ਮਿਸਟਰ ਫੇਅਰਵੈੱਲ, ਸਿਮਰ ਨੂੰ ਮਿਸ ਚਾਰਮਿੰਗ, ਕੰਚਨ ਨੂੰ ਮਿਸ ਪਰਸਨੈਲਿਟੀ, ਸਨੇਹਾ ਨੂੰ ਮਿਸ ਗੌਰਜੀਅਸ, ਸਮੀਕਸ਼ਾ ਨੂੰ ਮਿਸ ਗ੍ਰੇਸਫੁੱਲ, ਵਾਣੀ ਨੂੰ ਮਿਸ ਗੋਲਡਨ ਗਰਲ, ਰਾਜ ਕੁਮਾਰ ਨੂੰ ਮਿਸਟਰ ਹੈਂਡਸਮ, ਅਮਨ ਨੂੰ ਮਿਸਟਰ ਪਰਸਨੈਲਿਟੀ, ਮੁਕੇਸ਼ ਨੂੰ ਮਿਸਟਰ ਇੰਟੈਲੀਜੈਂਟ ਦਾ ਖ਼ਿਤਾਬ ਦਿੱਤਾ ਗਿਆ | ਅੰਤ ਵਿਚ ਇਹ ਸਮਾਰੋਹ ਮਿੱਠੀਆਂ ਯਾਦਾਂ ਅਤੇ ਭਾਵੁਕ ਪਲਾਂ ਦੇ ਨਾਲ ਸਫਲਤਾ ਪੂਰਵਕ ਸੰਪੰਨ ਹੋਇਆ |