ਫਿਰੋਜ਼ਪੁਰ, 8 ਮਈ (ਸੁਖਵਿੰਦਰ ਸਿੰਘ)-ਸਿਟੀ ਥਾਣਾ ਫਿਰੋਜ਼ਪੁਰ ਦੀ ਪੁਲਿਸ ਨੇ ਚੋਰੀ ਕਰਨ ਦੀ ਨੀਅਤ ਨਾਲ ਬੈਠੇ ਦੋ ਨੌਜਵਾਨਾਂ ਨੂੰ ਚੋਰੀ ਦੇ ਸਮਾਨ ਸਮੇਤ ਕਾਬੂ ਕਰਕੇ ਉਨ੍ਹਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਸਿਟੀ ਥਾਣਾ ਦੇ ਸਹਾਇਕ ਥਾਣੇਦਾਰ ਜਗਰੂਪ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਦੌਰਾਨ-ਏ-ਗਸ਼ਤ ਪੁਲਿਸ ਨੂੰ ਖਾਸ ਮੁਖ਼ਬਰ ਨੇ ਇਤਲਾਹ ਦਿੱਤੀ ਕਿ ਹੈਪੀ ਪੁੱਤਰ ਰਾਜ ਕੁਮਾਰ ਵਾਸੀ ਬਲਾਕੀ ਵਾਲਾ ਖੂਹ, ਫ਼ਿਰੋਜ਼ਪੁਰ ਅਤੇ ਰਣਜੀਤ ਸਿੰਘ ਉਰਫ਼ ਰਾਣਾ ਪੁੱਤਰ ਬੇਅੰਤ ਸਿੰਘ ਵਾਸੀ ਧੀਰਾ ਪੱਤਰਾ ਥਾਣਾ ਮਮਦੋਟ, ਚੋਰੀਆਂ ਕਰਨ ਦੇ ਆਦੀ ਹਨ ਅਤੇ ਬੌਬੀ ਵਿਖੇ ਇਕ ਬੇਆਬਾਦ ਸ਼ੈਲਰ ਕੋਲ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਦੀ ਨੀਅਤ ਨਾਲ ਬੈਠੇ ਹਨ | ਪੁਲਿਸ ਨੇ ਇਤਲਾਹ ਨੂੰ ਭਰੋਸੇਯੋਗ ਮੰਨਦਿਆਂ ਤੁਰੰਤ ਰੇਡ ਕਰਕੇ ਦੋਵਾਂ ਨੌਜਵਾਨਾਂ ਨੂੰ ਕਾਬੂ ਕਰ ਲਿਆ | ਤਲਾਸ਼ੀ ਦੌਰਾਨ ਉਨ੍ਹਾਂ ਪਾਸੋਂ 12 ਲੋਹੇ ਦੇ ਪਾਈਪ ਅਤੇ ਛੋਟੇ-ਵੱਡੇ ਚਾਰ ਲੋਹੇ ਦੇ ਮੰਜਿਆਂ ਦੇ ਪਾਵੇ ਬਰਾਮਦ ਕੀਤੇ ਗਏ | ਪੁਲਿਸ ਵਲੋਂ ਦੋਵਾਂ ਮੁਲਜ਼ਮਾਂ ਖ਼ਿਲਾਫ਼ ਸਿਟੀ ਥਾਣਾ ਫਿਰੋਜ਼ਪੁਰ ਵਿਚ ਬੀ.ਐਨ.ਐਸ. ਅਤੇ ਆਈ.ਪੀ.ਸੀ. ਦੀ ਧਾਰਾ ਹੇਠ ਮੁਕਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ |