ਫ਼ਿਰੋਜ਼ਪੁਰ, 8 ਮਈ (ਕੁਲਬੀਰ ਸਿੰਘ ਸੋਢੀ)-ਆਮ ਆਦਮੀ ਪਾਰਟੀ ਵਲੋਂ ਪਾਰਟੀ ਨੂੰ ਹੋਰ ਮਜ਼ਬੂਤ ਕਰਨ ਤੇ ਆਉਂਦੀਆਂ ਨਗਰ ਕੌਂਸਲ ਚੋਣਾਂ ਦੇ ਉਮੀਦਵਾਰਾਂ ਦੀ ਸਹੀ ਚੋਣ ਲਈ ਸਕਰੀਨਿੰਗ ਕਮੇਟੀਆਂ ਬਣਾਈਆਂ ਜਾ ਰਹੀਆਂ ਹਨ, ਤਾਂ ਕਿ ਪਾਰਟੀ ਵੱਡੇ ਪੱਧਰ ਤੇ ਜਿੱਤ ਹਾਸਲ ਕਰਕੇ ਨਗਰ ਕੌਂਸਲ ਵਿਚ ਆਪਣਾ ਦਬਦਬਾ ਕਾਇਮ ਕੀਤਾ ਜਾ ਸਕੇ | ਇਸ ਲਈ ਪਾਰਟੀ ਵਲੋਂ ਆਪਣੇ ਵਫ਼ਾਦਾਰ ਅਤੇ ਅਗਾਂਹਵਧੂ ਸੋਚ ਵਾਲੇ ਆਗੂਆਂ ਤੇ ਵਰਕਰਾਂ ਨੂੰ ਵੱਡੀਆਂ ਜ਼ਿੰਮੇਵਾਰੀਆਂ ਦੇ ਕੇ ਸਕਰੀਨਿੰਗ ਕਮੇਟੀਆਂ ਦੇ ਮੈਂਬਰ ਬਣਾਇਆ ਗਿਆ ਹੈ | ਜਿਸ ਵਿਚ ਇਕ ਕੈਬਨਿਟ ਮੰਤਰੀ, ਸਟੇਟ ਸੈਕਟਰੀ, ਜ਼ਿਲ੍ਹਾ ਪ੍ਰਧਾਨ, ਹਲਕਾ ਵਿਧਾਇਕ ਤੇ ਕਿਸੇ ਯੂਥ ਆਗੂ ਨੂੰ ਸ਼ਾਮਲ ਕੀਤਾ ਜਾ ਰਿਹਾ ਹੈ | ਮਿਲੀ ਜਾਣਕਾਰੀ ਅਨੁਸਾਰ ਜ਼ਿਲ੍ਹਾ ਫ਼ਿਰੋਜ਼ਪੁਰ ਨਹੀਂ ਬਲਕਿ ਸੂਬਾ ਪੱਧਰ ਤੇ ਨੌਜਵਾਨਾਂ ਵਿਚ ਵੱਡੀ ਪਕੜ ਰੱਖਣ ਵਾਲੇ ਨੌਜਵਾਨ ਆਗੂ ਹਰਮੀਤ ਸਿੰਘ ਖਾਈ ਫੇਮੇ ਕੇ, ਜੋ ਸੂਬੇ ਦੇ ਯੂਥ ਵਿੰਗ ਸੂਬਾ ਸਕੱਤਰ ਦੀ ਜ਼ਿੰਮੇਵਾਰੀ ਵੀ ਨਿਭਾ ਰਹੇ ਹਨ ਨੂੰ ਨਗਰ ਕੌਂਸਲ ਜ਼ੀਰਾ ਸਕਰੀਨਿੰਗ ਕਮੇਟੀ ਦਾ ਮੈਂਬਰ ਬਣਾਇਆ ਗਿਆ ਹੈ | ਇਸ ਨਿਯੁਕਤੀ ਤੇ ਹਰਮੀਤ ਸਿੰਘ ਖਾਈ ਨੇ ਪਾਰਟੀ ਕਨਵੀਨਰ ਅਰਵਿੰਦ ਕੇਜਰੀਵਾਲ, ਮੁੱਖ ਮੰਤਰੀ ਭਗਵੰਤ ਮਾਨ ਤੇ ਪੰਜਾਬ ਪ੍ਰਧਾਨ ਅਮਨ ਅਰੋੜਾ ਦਾ ਧੰਨਵਾਦ ਕੀਤਾ ਹੈ |