ਕੁੱਲਗੜ੍ਹੀ, 8 ਮਈ (ਸੁਖਜਿੰਦਰ ਸਿੰਘ ਸੰਧੂ)-ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਪੰਜਾਬ ਦੀ ਮੀਟਿੰਗ ਗੁਰਦੁਆਰਾ ਵਣਸਰ ਸਾਹਿਬ ਵਿਖੇ ਹੋਈ, ਜਿਸ ਵਿਚ ਬਲਾਕ ਫਿਰੋਜ਼ਪੁਰ ਦੀ ਟੀਮ ਦੀ ਚੋਣ ਵੀ ਕੀਤੀ ਗਈ¢ ਮੀਟਿੰਗ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਗੁਰਪ੍ਰੀਤ ਸਿੰਘ ਫਰੀਦੇ ਵਾਲਾ ਨੇ ਕਿਹਾ ਕਿ ਕੇਂਦਰ ਅਤੇ ਪੰਜਾਬ ਸਰਕਾਰ ਕਿਸਾਨਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਕਰ ਰਹੀਆਂ ਹਨ¢ ਉਨ੍ਹਾਂ ਕਿਹਾ ਆਮ ਲੋਕਾਂ ਦੇ ਟੈਕਸ ਨਾਲ ਬਣੀਆਂ ਜਾਇਦਾਦਾਂ ਨੂੰ ਕਾਰਪੋਰੇਟ ਘਰਾਨਿਆਂ ਨੂੰ ਦਿੱਤਾ ਜਾ ਰਿਹਾ ਹੈ¢ ਬਿਜਲੀ ਨਿੱਜੀ ਹੱਥਾਂ ਵਿਚ ਕੀਤੀ ਜਾ ਰਹੀ ਹੈ, ਰੇਲਵੇ ਨੂੰ ਵੇਚਿਆ ਜਾ ਰਿਹਾ ਹੈ¢ ਅਨਾਜ ਮੰਡੀਆਂ ਨੂੰ ਪ੍ਰਾਈਵੇਟ ਕਰਨ 'ਤੇ ਪੂਰਾ ਜ਼ੋਰ ਚੱਲ ਰਿਹਾ ਹੈ, ਜਿਸ ਕਾਰਨ ਕਿਸਾਨਾਂ ਨੂੰ ਮੰਡੀਆਂ ਵਿਚ ਰੋਲਿਆ ਜਾ ਰਿਹਾ ਹੈ¢ ਉਨ੍ਹਾਂ ਕਿਹਾ ਮੰਡੀਆਂ ਵਿਚ ਕਣਕ ਦੇ ਅੰਬਾਰ ਲੱਗੇ ਹੋਏ ਹਨ ਅਤੇ ਕਿਸਾਨਾਂ ਤੇ ਮਜ਼ਦੂਰ ਮੰਡੀਆਂ ਵਿਚ ਖ਼ੱਜਲ਼-ਖ਼ੁਆਰ ਹੋ ਰਹੇ ਹਨ¢ ਸਹਿਕਾਰੀ ਸਭਾਵਾਂ ਨੂੰ ਸਰਕਾਰ ਵਲੋਂ ਵਧਾਏ ਹੋਏ ਹੱਦ-ਕਰਜ਼ੇ ਦੇਣ 'ਤੇ ਰੋਕ ਲਾ ਦਿੱਤੀ ਗਈ ਹੈ¢ ਇਸ ਕਾਰਨ ਸਹਿਕਾਰੀ ਕਰਮਚਾਰੀ ਯੂਨੀਅਨ ਵਲੋਂ ਸਹਿਕਾਰੀ ਬੈਂਕਾਂ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ¢ ਸਮੁੱਚੇ ਕਰਮਚਾਰੀ 10 ਮਈ ਤੱਕ ਹੜਤਾਲ 'ਤੇ ਹਨ | ਜਿਸ ਕਾਰਨ ਸਹਿਕਾਰੀ ਸਭਾਵਾਂ ਵਿਚ ਪੈਸੇ ਦਾ ਲੈਣ-ਦੇਣ ਬੰਦ ਹੋ ਗਿਆ ਹੈ¢ ਉਨ੍ਹਾਂ ਮੰਗ ਕੀਤੀ ਕਿ ਪੰਜਾਬ ਸਰਕਾਰ ਬੈਂਕਾਂ ਨੂੰ ਵਧਾਏ ਹੋਏ ਹੱਦ-ਕਰਜ਼ੇ ਅਨੁਸਾਰ ਫ਼ੰਡ ਜਾਰੀ ਕਰੇ, ਤਾਂ ਜੋ ਸਹਿਕਾਰੀ ਸਭਾਵਾਂ ਦਾ ਕੰਮਕਾਜ ਸ਼ੁਰੂ ਹੋ ਸਕੇ¢ ਉਨ੍ਹਾਂ ਦੱਸਿਆ ਕਿ ਕੇ.ਐੱਮ.ਐੱਮ. ਵਲੋਂ 12 ਮਈ ਨੂੰ ਸਵੇਰੇ 11 ਤੋਂ ਦੁਪਹਿਰ 3 ਵਜੇ ਤੱਕ ਸਹਿਕਾਰੀ ਬੈਂਕਾਂ ਅੱਗੇ ਧਰਨੇ ਦਿੱਤੇ ਜਾਣਗੇ¢ਇਸ ਵਿਚ ਫਿਰੋਜ਼ਪੁਰ ਬਲਾਕ ਵਲੋਂ ਕੁੱਲਗੜ੍ਹੀ ਸਹਿਕਾਰੀ ਬੈਂਕ ਅੱਗੇ ਧਰਨਾ ਦਿੱਤਾ ਜਾਵੇਗਾ | ਕਿਸਾਨਾਂ ਨੂੰ 12 ਤਰੀਕ ਨੂੰ ਵੱਧ ਤੋਂ ਵੱਧ ਗਿਣਤੀ ਵਿਚ ਪਹੁੰਚਣ ਦੀ ਅਪੀਲ ਕੀਤੀ ਗਈ ਹੈ¢ ਇਸ ਮੀਟਿੰਗ ਵਿਚ ਬਲਾਕ ਪ੍ਰਧਾਨ ਬਚਿੱਤਰ ਸਿੰਘ ਫਰੀਦੇਵਾਲਾ, ਸਕੱਤਰ ਮਨਜੀਤ ਸਿੰਘ ਲੋਹਗੜ੍ਹ, ਮੀਤ ਪ੍ਰਧਾਨ ਬਲਜਿੰਦਰ ਸਿੰਘ ਲੋਹਗੜ੍ਹ, ਹਰਪ੍ਰੀਤ ਸਿੰਘ ਕਾਦਾ ਬੋੜਾ, ਕੁਲਵਿੰਦਰ ਸਿੰਘ ਰੱਤਾ ਖੇੜਾ, ਲਖਵੀਰ ਸਿੰਘ ਸੋਢੀ ਨਗਰ, ਦਲਵਿੰਦਰ ਸਿੰਘ ਸੋਢੀ ਨਗਰ, ਬਲਵਿੰਦਰ ਸਿੰਘ ਕੁੱਲਗੜ੍ਹੀ ਸਮੇਤ ਹੋਰ ਕਿਸਾਨ-ਮਜ਼ਦੂਰ ਹਾਜ਼ਰ ਸਨ¢