ਗੁਰੂਹਰਸਹਾਏ, 8 ਮਈ (ਹਰਚਰਨ ਸਿੰਘ ਸੰਧੂ)-ਪੰਜਾਬ ਸਰਕਾਰ ਦੁਆਰਾ 1967 ਵਿਚ ਬਣਾਏ ਗਏ ਰਾਜ ਭਾਸ਼ਾ ਐਕਟ ਤਹਿਤ ਸਮੁੱਚਾ ਦਫ਼ਤਰੀ ਕੰਮ-ਕਾਜ ਪੰਜਾਬੀ ਭਾਸ਼ਾ (ਗੁਰਮੁਖੀ ਲਿਪੀ) ਵਿਚ ਕੀਤਾ ਜਾਣਾ ਯਕੀਨੀ ਬਣਾਇਆ ਗਿਆ ਹੈ | ਇਸੇ ਐਕਟ ਵਿਚ 2008 ਵਿਚ ਕੀਤੀ ਗਈ ਸੋਧ ਅਨੁਸਾਰ ਸਮੁੱਚੇ ਸਰਕਾਰੀ ਦਫ਼ਤਰਾਂ ਦਾ ਨਿਰੀਖਣ ਕੀਤਾ ਜਾਂਦਾ ਹੈ ਕਿ ਕੀ ਉਹ ਇਸ ਐਕਟ ਅਨੁਸਾਰ ਦਫ਼ਤਰੀ ਕੰਮ ਕਾਜ ਕਰ ਰਹੇ ਹਨ ਕਿ ਨਹੀਂ | ਇਸ ਐਕਟ ਦੀਆਂ ਹਦਾਇਤਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਹਿਤ ਜ਼ਿਲ੍ਹਾ ਭਾਸ਼ਾ ਅਫ਼ਸਰ ਫ਼ਿਰੋਜ਼ਪੁਰ ਡਾ. ਜਗਦੀਪ ਸਿੰਘ ਸੰਧੂ ਵਲੋਂ ਤਹਿਸੀਲ ਗੁਰੂਹਰਸਹਾਏ ਵਿਚ ਦਫ਼ਤਰ ਉਪ ਮੰਡਲ ਮੈਜਿਸਟਰੇਟ ਗੁਰੂਹਰਸਹਾਏ, ਦਫ਼ਤਰ ਤਹਿਸੀਲਦਾਰ ਗੁਰੂ ਹਰਸਹਾਏ, ਸ.(ਕੰ) ਸ. ਸ. ਸ. ਗੁਰੂਹਰਸਹਾਏ, ਪੀ. ਐੱਮ.ਸ੍ਰੀ ਸ. ਸ. ਸਕੂਲ ਗੁਰੂਹਰਸਹਾਏ, ਦਫ਼ਤਰ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਗੁਰੂਹਰਸਹਾਏ-1, ਦਫ਼ਤਰ ਸਹਾਇਕ ਇੰਜੀਨੀਅਰ ਪੰਜਾਬ ਰ.ਪਾ.ਕਾ.ਲਿਮ: ਸ਼ਹਿਰੀ ਸ/ਡ. ਗੁਰੂਹਰਸਹਾਏ, ਦਫ਼ਤਰ ਸਹਾਇਕ ਕਾਰਜਕਾਰੀ ਇੰਜੀਨੀਅਰ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮ:ਸ/ਅਰਬਨ ਸ/ਡ ਗੁਰੂਹਰਸਹਾਏ, ਦਫ਼ਤਰ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਗੁਰੂਹਰਸਹਾਏ, ਦਫ਼ਤਰ ਬਾਲ ਵਿਕਾਸ ਪ੍ਰੋਜੈਕਟ ਅਫ਼ਸਰ, ਗੁਰੂਹਰਸਹਾਏ, ਸਰਕਾਰੀ ਐਲੀਮੈਂਟਰੀ ਸਕੂਲ, ਗੁੱਦੜ ਢੰਡੀ, ਫ਼ਿਰੋਜ਼ਪੁਰ ਨਿਰੀਖਣ ਕੀਤਾ ਗਿਆ | ਜ਼ਿਲ੍ਹਾ ਭਾਸ਼ਾ ਅਫ਼ਸਰ ਵਲੋਂ ਤਸੱਲੀ ਪ੍ਰਗਟ ਕਰਦਿਆਂ ਕਿਹਾ ਕਿ ਇਹਨਾਂ ਦਫ਼ਤਰਾਂ ਦਾ ਲਗਭਗ ਸਾਰਾ ਕੰਮ ਰਾਜ ਭਾਸ਼ਾ ਐਕਟ ਅਨੁਸਾਰ ਹੋ ਰਿਹਾ ਹੈ | ਜਿੱਥੇ ਕਿਤੇ ਥੋੜ੍ਹੀਆਂ ਬਹੁਤ ਕਮੀਆਂ ਪਾਈਆਂ ਗਈਆਂ ਉਹ ਸੰਬੰਧਿਤ ਅਧਿਕਾਰੀਆਂ ਦੇ ਧਿਆਨ ਵਿਚ ਲਿਆ ਦਿੱਤੀਆਂ ਗਈਆਂ ਹਨ ਅਤੇ ਉਹਨਾਂ ਨੇ ਇਹਨਾਂ ਨੂੰ ਤੁਰੰਤ ਦੂਰ ਕਰਨ ਦਾ ਭਰੋਸਾ ਦਿੱਤਾ | ਇਸ ਮੌਕੇ ਉਪ ਮੰਡਲ ਮੈਜਿਸਟਰੇਟ ਗੁਰੂਹਰਸਹਾਏ ਬੇਅੰਤ ਸਿੰਘ ਸਿੱਧੂ, ਤਹਿਸੀਲਦਾਰ ਸੁਖਬੀਰ ਕੌਰ, ਪਿ੍ੰਸੀਪਲ ਕਰਨਵੀਰ ਸਿੰਘ ਧਾਲੀਵਾਲ ਤੇ ਹੋਰ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੇ ਭਾਸ਼ਾ ਵਿਭਾਗ ਦੇ ਇਸ ਕਾਰਜ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਬਹੁਤ ਜ਼ਰੂਰੀ ਹੈ ਕਿ ਪੰਜਾਬ ਰਾਜ ਵਿਚ ਆਪਣੀ ਮਾਤ ਭਾਸ਼ਾ ਨੂੰ ਬਣਦਾ ਸਤਿਕਾਰ ਦਿੱਤਾ ਜਾਵੇ ਅਤੇ ਦਫ਼ਤਰੀ ਕੰਮ ਕਾਜ ਪੰਜਾਬੀ ਭਾਸ਼ਾ ਵਿਚ ਕੀਤਾ ਜਾਵੇ | ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਜਗਦੀਪ ਸਿੰਘ ਸੰਧੂ ਨੇ ਕਿਹਾ ਕਿ ਇਹ ਕਿ ਇਹ ਕੋਈ ਅਚਨਚੇਤ ਨਿਰੀਖਣ ਨਹੀਂ ਸੀ | ਸਗੋਂ ਵਿਭਾਗ ਦੀ ਡਿਊਟੀ ਦਾ ਇਕ ਹਿੱਸਾ ਹੈ | ਭਾਸ਼ਾ ਵਿਭਾਗ ਵਲੋਂ ਹਰ ਮਹੀਨੇ ਲਗਾਤਾਰਤਾ ਨਾਲ ਪੰਜਾਬੀ ਪ੍ਰਚਾਲਣ ਤਹਿਤ ਵੱਖ-ਵੱਖ ਦਫ਼ਤਰਾਂ ਦਾ ਨਿਰੀਖਣ ਕੀਤਾ ਜਾਂਦਾ ਹੈ ਅਤੇ ਪਾਈਆਂ ਜਾਂਦੀਆਂ ਕਮੀਆਂ ਨੂੰ ਦੂਰ ਕਰਵਾ ਕੇ ਸੰਬੰਧਿਤ ਦਫ਼ਤਰਾਂ ਨੂੰ ਰਾਜ ਭਾਸ਼ਾ ਐਕਟ ਅਨੁਸਾਰ ਕੰਮ ਕਰਨ ਲਈ ਪ੍ਰੇਰਿਤ ਕੀਤਾ ਜਾਂਦਾ ਹੈ | ਇਸ ਮੌਕੇ ਚੇਤਨ ਕੁਮਾਰ ਕਲਰਕ ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ, ਫਿਰੋਜ਼ਪੁਰ ਹਾਜ਼ਰ ਸਨ |