ਗੁਰੂਹਰਸਹਾਏ, 31 ਮਈ (ਕਪਿਲ ਕੰਧਾਰੀ)-ਆਮ ਆਦਮੀ ਪਾਰਟੀ ਦੇ ਫਿਰੋਜ਼ਪੁਰ ਜ਼ਿਲ੍ਹਾ ਪ੍ਰਧਾਨ ਅਤੇ ਜ਼ਿਲ੍ਹਾ ਪਲਾਨਿੰਗ ਬੋਰਡ ਦੇ ਚੇਅਰਮੈਨ ਹਰਜਿੰਦਰ ਸਿੰਘ ਘਾਂਗਾ ਵਲੋਂ ਫਰੀਦਕੋਟ ਰੋਡ ਸਥਿਤ ਬਾਦਸ਼ਾਹ ਹੋਟਲ ਵਿਖੇ ਇਕ ਪੈੱ੍ਰਸ ਕਾਨਫ਼ਰੰਸ ਕੀਤੀ ਗਈ | ਪੈੱ੍ਰਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਹਰਜਿੰਦਰ ਸਿੰਘ ਘਾਂਗਾ ਨੇ ਦੱਸਿਆ ਕਿ ਪੰਜਾਬ ਮੰਤਰੀ ਮੰਡਲ ਦੀ ਹਾਲੀਆ ਬੈਠਕ ਵਿਚ ਠੇਕੇਦਾਰਾਂ ਰਾਹੀਂ ਸੇਵਾਵਾਂ ਨਿਭਾ ਰਹੇ ਮੁਲਾਜ਼ਮਾਂ ਨੂੰ ਸਿੱਧੇ ਤੌਰ 'ਤੇ ਸਰਕਾਰ ਦੇ ਅਧੀਨ ਲਿਆਉਣ ਦਾ ਇਤਿਹਾਸਕ ਫੈਸਲਾ ਕੀਤਾ ਗਿਆ ਹੈ | ਉਨ੍ਹਾਂ ਕਿਹਾ ਕਿ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਇਸ ਫ਼ੈਸਲੇ ਨਾਲ 65,048 ਤੋਂ ਵੱਧ ਠੇਕਾ ਅਤੇ ਆਊਟ ਸੋਰਸ ਮੁਲਾਜ਼ਮ ਲਾਭਾਨਵਿਤ ਹੋਣਗੇ | ਉਨ੍ਹਾਂ ਦੱਸਿਆ ਕਿ ਇਸ ਪ੍ਰਣਾਲੀ ਦੇ ਲਾਗੂ ਹੋਣ ਤੋਂ ਬਾਅਦ ਮੁਲਾਜ਼ਮਾਂ ਨੂੰ ਤਨਖ਼ਾਹ ਸਿੱਧੀ ਸਰਕਾਰ ਵਲੋਂ ਦਿੱਤੀ ਜਾਵੇਗੀ | ਇਸ ਦੇ ਨਾਲ ਹੀ ਉਨ੍ਹਾਂ ਨੂੰ ਸਰਕਾਰੀ ਮੁਲਾਜ਼ਮਾਂ ਵਾਂਗ ਛੁੱਟੀਆਂ ਅਤੇ ਹੋਰ ਕਈ ਭਲਾਈ ਸਹੂਲਤਾਂ ਵੀ ਪ੍ਰਾਪਤ ਹੋ ਸਕਣਗੀਆਂ | ਘਾਂਗਾ ਨੇ ਕਿਹਾ ਕਿ ਖ਼ਤਰਨਾਕ ਡਿਊਟੀਆਂ ਨਿਭਾ ਰਹੇ ਮੁਲਾਜ਼ਮਾਂ, ਜਿਵੇਂ ਕਿ ਫਾਇਰ ਬਿ੍ਗੇਡ ਕਰਮਚਾਰੀ, ਬਿਜਲੀ ਲਾਈਨਮੈਨ ਅਤੇ ਹੋਰ ਸਮਾਨ ਵਰਗਾਂ ਦੇ ਕਰਮਚਾਰੀਆਂ ਨੂੰ ਤਿੰਨ ਸਾਲ ਦੀ ਸੇਵਾ ਪੂਰੀ ਕਰਨ ਉਪਰੰਤ ਆਊਟ ਸੋਰਸ ਪ੍ਰਣਾਲੀ ਤੋਂ ਹਟਾ ਕੇ ਸਿੱਧੇ ਸਰਕਾਰੀ ਠੇਕਾ ਮੁਲਾਜ਼ਮ ਬਣਾਇਆ ਜਾਵੇਗਾ | ਉਨ੍ਹਾਂ ਅਨੁਸਾਰ ਲਗਭਗ 8,400 ਮੁਲਾਜ਼ਮ, ਜੋ ਇਹ ਮਿਆਦ ਪੂਰੀ ਕਰ ਚੁੱਕੇ ਹਨ, ਤੁਰੰਤ ਇਸ ਫ਼ੈਸਲੇ ਦਾ ਲਾਭ ਲੈ ਸਕਣਗੇ | ਉਨ੍ਹਾਂ ਦੱਸਿਆ ਕਿ ਗੈਰ-ਖਤਰਨਾਕ ਵਰਗ ਦੇ ਕਰੀਬ 18,000 ਮੁਲਾਜ਼ਮ, ਜਿਨ੍ਹਾਂ ਨੇ ਪੰਜ ਸਾਲ ਦੀ ਸੇਵਾ ਪੂਰੀ ਕਰ ਲਈ ਹੈ, ਨੂੰ ਵੀ ਇਸ ਨਵੇਂ ਪ੍ਰਬੰਧ ਦਾ ਤੁਰੰਤ ਲਾਭ ਮਿਲੇਗਾ | ਹਰਜਿੰਦਰ ਸਿੰਘ ਘਾਂਗਾ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਪੰਜਾਬ ਐਡਹਾਕ, ਕੰਟਰੈਕਚੁਅਲ, ਡੇਲੀ ਵੇਜ, ਟੈਂਪਰੇਰੀ, ਵਰਕ ਚਾਰਜਡ ਐਂਡ ਆਊਟ ਸੋਰਸ ਇੰਪਲਾਈਜ਼ ਵੈਲਫੇਅਰ ਐਕਟ-2016 ਨੂੰ ਰੱਦ ਕਰਕੇ ਪੰਜਾਬ ਸਟੇਟ ਆਊਟ ਸੋਰਸ ਪਰਸੋਨਲ ਐਕਟ-2026 ਅਤੇ ਪੰਜਾਬ ਕੰਟਰੈਕਚੁਅਲ ਪਰਸੋਨਲ ਬਿੱਲ-2026 ਨੂੰ ਮਨਜ਼ੂਰੀ ਦਿੱਤੀ ਹੈ | ਉਨ੍ਹਾਂ ਉਮੀਦ ਜਤਾਈ ਕਿ ਇਹ ਬਿੱਲ ਵਿਧਾਨ ਸਭਾ ਦੇ ਅਗਲੇ ਇਜਲਾਸ ਵਿੱਚ ਪਾਸ ਹੋਣ ਤੋਂ ਬਾਅਦ ਮੁਲਾਜ਼ਮਾਂ ਨੂੰ ਵੱਡਾ ਲਾਭ ਮਿਲੇਗਾ |ਉਨ੍ਹਾਂ ਕਿਹਾ ਕਿ ਮੁਲਾਜ਼ਮ ਕਿਸੇ ਵੀ ਸਰਕਾਰ ਦੀ ਰੀੜ੍ਹ ਦੀ ਹੱਡੀ ਹੁੰਦੇ ਹਨ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਹਰ ਵਰਗ ਦੇ ਹਿਤਾਂ ਦੀ ਰੱਖਿਆ ਲਈ ਵਚਨਬੱਧ ਹੈ | ਇਸ ਮੌਕੇ ਰਣਜੀਤ ਸਿੰਘ, ਗੁਰਜੀਤ ਸਿੰਘ ਭੁੱਲਰ, ਸੁਰਿੰਦਰ ਸਿੰਘ, ਗਰੀਬੂ ਸਿੰਘ (ਨਿੱਜੀ ਸਕੱਤਰ) ਅਤੇ ਸੁਰਿੰਦਰ ਪੱਪਾ ਵੀ ਹਾਜ਼ਰ ਸਨ |