ਫਿਰੋਜ਼ਪੁਰ, 6 ਜੂਨ (ਸੁਖਵਿੰਦਰ ਸਿੰਘ)-ਹਾਲ ਹੀ ਵਿਚ ਲੋਕਾਂ ਨਾਲ ਠੱਗੀਆਂ ਮਾਰ ਕੇ ਉਨ੍ਹਾਂ ਤੋਂ ਕੰਮ ਕਰਾਉਣ ਦੇ ਬਦਲੇ ਮੋਟੀਆਂ ਰਕਮਾਂ ਵਸੂਲਣ ਕਰਕੇ ਅਤੇ ਜਥੇਬੰਦੀ ਨੂੰ ਬਦਨਾਮ ਕਰਨ ਕਾਰਨ ਉਨ੍ਹਾਂ ਨੂੰ ਫੈਡਰੇਸ਼ਨ ਦੀ ਮੁੱਢਲੀ ਮੈਂਬਰਸ਼ਿਪ ਤੋਂ ਖ਼ਾਰਜ ਉਪਰੰਤ ਆਪਣੇ 'ਤੇ ਲੱਗੇ ਗੰਭੀਰ ਦੋਸ਼ਾਂ ਤੋਂ ਬੁਖਲਾਏ ਜਰਨੈਲ ਸਿੰਘ ਗਾਬੜੀਆਂ ਨੇ ਜੋ ਭਾਈ ਜਸਪਾਲ ਸਿੰਘ 'ਤੇ ਦੋਸ਼ ਲਗਾਏ ਹਨ ਉਹ ਸਚਾਈ ਤੋਂ ਕੋਹਾਂ ਦੂਰ ਹਨ | ਜਰਨੈਲ ਸਿੰਘ ਗਾਬੜੀਆ 'ਤੇ ਲੱਗੇ ਦੋਸ਼ ਸਿੱਧ ਹੋ ਚੁੱਕੇ ਹਨ ਜਿਸ ਕਰਕੇ ਉਹ ਆਪਣਾ ਦਿਮਾਗ਼ੀ ਸੰਤੁਲਨ ਗੁਆ ਬੈਠਾ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਫੈਡਰੇਸ਼ਨ ਦੇ ਕੌਮੀ ਜਨਰਲ ਸਕੱਤਰ ਉਡੀਕ ਸਿੰਘ ਕੁੰਡੇ, ਕੌਮੀ ਮੀਤ ਪ੍ਰਧਾਨ ਸੁਖਦੇਵ ਸਿੰਘ ਲਾਡਾ, ਕੌਮੀ ਮੀਤ ਪ੍ਰਧਾਨ ਮਨਜੀਤ ਸਿੰਘ ਅÏਲਖ ਤੇ ਗਗਨਦੀਪ ਸਿੰਘ ਚਾਵਲਾ ਨੇ ਸਪਸ਼ਟ ਕੀਤਾ ਕਿ ਉਹ ਭਾਈ ਜਸਪਾਲ ਸਿੰਘ 'ਤੇ ਲਗਾਏ ਦੋਸ਼ਾਂ ਦਾ ਇੱਕ ਵੀ ਸਬੂਤ ਦੇ ਦੇਵੇ ਤਾਂ ਸਾਰੀ ਜਥੇਬੰਦੀ ਉਸ ਦੀ ਪਿੱਠ ਤੇ ਖੜੀ ਹੋ ਜਾਵੇਗੀ ਅਤੇ ਜਰਨੈਲ ਸਿੰਘ ਗਾਬੜੀਆ 'ਤੇ ਲੱਗੇ ਦੋਸ਼ ਪੁਲਿਸ ਪ੍ਰਸ਼ਾਸਨ ਕੋਲ ਪੀੜਿਤ ਲੋਕਾਂ ਵੱਲੋਂ ਦਿੱਤੀਆਂ ਦਰਖਾਸਤਾਂ ਇਸ ਗੱਲ ਦਾ ਮੋਟਾ ਸਬੂਤ ਹਨ ਜਿਨ੍ਹਾਂ ਦਾ ਉਹ ਸਾਹਮਣਾ ਕਰ ਰਿਹਾ ਹੈ | ਉਕਤ ਆਗੂਆਂ ਨੇ ਇਹ ਵੀ ਸਪਸ਼ਟ ਕੀਤਾ ਕਿ ਭਾਈ ਜਸਪਾਲ ਸਿੰਘ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਬੜੀ ਇਮਾਨਦਾਰੀ ਅਤੇ ਨਿਸ਼ਕਾਮ ਸੇਵਾ ਕੀਤੀ ਜਾ ਰਹੀ ਹੈ , ਫੈਡਰੇਸ਼ਨ ਉਨ੍ਹਾਂ ਦੀ ਕਾਰਗੁਜ਼ਾਰੀ ਤੋਂ ਖ਼ੁਸ਼ ਹੈ ਅਤੇ ਰਹੇਗੀ | ਉਕਤ ਆਗੂਆਂ ਨੇ ਸਪਸ਼ਟ ਕੀਤਾ ਕਿ ਜੇ ਗਾਬੜੀਆ ਨੇ ਭਾਈ ਜਸਪਾਲ ਸਿੰਘ ਦੀ ਸੱਚੀ ਸੁੱਚੀ ਸ਼ਖ਼ਸੀਅਤ ਦੇ ਖ਼ਿਲਾਫ਼ ਕੋਈ ਤੱਥਾਂ ਤੋਂ ਪਰੇ ਹਟ ਕੇ ਕੋਈ ਬੇਲੋੜਾ ਬਿਆਨ ਦਿੱਤਾ ਤਾਂ ਉਹ ਇਸ ਨੂੰ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕਰਨਗੇ | ਇਸ ਸਮੇਂ ਡਾ. ਗੁਰਮੀਤ ਸਿੰਘ ਜ਼ਿਲ੍ਹਾ ਪ੍ਰਧਾਨ, ਜਸਬੀਰ ਸਿੰਘ ਤੇਗ਼ਾ ਸਿੰਘ ਵਾਲਾ, ਕੁਲਦੀਪ ਸਿੰਘ ਨੰਢਾ, ਕਿਰਨਦੀਪ ਸਿੰਘ ਭੁੱਲਰ, ਰਣਜੀਤ ਸਿੰਘ ਬੱਬਲੂ ਸਮੇਤ ਹੋਰ ਕਈ ਆਗੂ ਹਾਜ਼ਰ ਸਨ |