ਨਾ ਲਾਈਟਾਂ, ਨਾ ਚੇਤਾਵਨੀ ਬੋਰਡ, ਨਾ ਸੁਰੱਖਿਆ ਪ੍ਰਬੰਧ
ਫ਼ਿਰੋਜ਼ਪੁਰ, 14 ਜੂਨ (ਸੁਖਵਿੰਦਰ ਸਿੰਘ)–ਦੇਸ਼ ਦੀ ਆਜ਼ਾਦੀ ਲਈ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲੇ ਸ਼ਹੀਦਾਂ ਦੀ ਯਾਦ ਵਿਚ ਬਣੀ ਹੁਸੈਨੀਵਾਲਾ ਸ਼ਹੀਦ ਸਮਾਰਕ ਨੂੰ ਜਾਣ ਵਾਲੇ ਮੁੱਖ ਰਸਤੇ ’ਤੇ ਬਣ ਰਿਹਾ ਪੁੱਲ ਲੰਬੇ ਸਮੇਂ ਤੋਂ ਅਧੂਰਾ ਪਿਆ ਹੈ। ਪੁੱਲ ਦੇ ਨਿਰਮਾਣ ਵਿਚ ਹੋ ਰਹੀ ਦੇਰੀ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਭ ਤੋਂ ਚਿੰਤਾਜਨਕ ਗੱਲ ਇਹ ਹੈ ਕਿ ਰਾਤ ਦੇ ਸਮੇਂ ਇੱਥੇ ਨਾ ਕੋਈ ਲਾਈਟ ਦੀ ਵਿਵਸਥਾ ਹੈ ਅਤੇ ਨਾ ਹੀ ਕਿਸੇ ਤਰ੍ਹਾਂ ਦੇ ਰਿਫਲੈਕਟਰ ਜਾਂ ਚੇਤਾਵਨੀ ਬੋਰਡ ਲਗਾਏ ਗਏ ਹਨ। ਜਿਸ ਕਾਰਨ ਹਰ ਵੇਲੇ ਹਾਦਸੇ ਦਾ ਖਤਰਾ ਬਣਿਆ ਰਹਿੰਦਾ ਹੈ। ਪੁੱਲ ਦੇ ਆਲੇ-ਦੁਆਲੇ ਅਤੇ ਸੜਕ ‘ਤੇ ਵੱਡੇ-ਵੱਡੇ ਖੱਡੇ ਬਣ ਚੁੱਕੇ ਹਨ। ਰਾਤ ਸਮੇਂ ਵਾਹਨ ਚਾਲਕਾਂ ਨੂੰ ਇਹ ਖੱਡੇ ਦਿਖਾਈ ਨਹੀਂ ਦਿੰਦੇ। ਜਿਸ ਕਾਰਨ ਦੋਪਹੀਆ ਵਾਹਨ ਚਾਲਕਾਂ ਅਤੇ ਬਜ਼ੁਰਗਾਂ ਲਈ ਇਹ ਰਸਤਾ ਖਤਰਨਾਕ ਬਣ ਗਿਆ ਹੈ। ਲੋਕਾਂ ਨੇ ਦੱਸਿਆ ਕਿ ਇਹ ਟੋਏ ਉਹਨਾਂ ਨੇ ਆਪਣੇ ਪੱਧਰ ਤੇ ਪੂਰੇ ਸਨ ਤਾਂ ਜੋ ਹਾਦਸਿਆਂ ਤੋਂ ਬਚਿਆ ਜਾ ਸਕੇ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਜਦੋਂ ਦੇਸ਼ ਭਰ ਤੋਂ ਯਾਤਰੀ ਸ਼ਹੀਦਾਂ ਦੀ ਸਮਾਧ ‘ਤੇ ਨਮਨ ਕਰਨ ਆਉਂਦੇ ਹਨ ਤਾਂ ਉਹ ਸ਼ਹੀਦਾਂ ਪ੍ਰਤੀ ਸਤਿਕਾਰ ਜ਼ਰੂਰ ਪ੍ਰਗਟਾਉਂਦੇ ਹਨ, ਪਰ ਰਸਤੇ ਦੀ ਮਾੜੀ ਹਾਲਤ ਦੇਖ ਕੇ ਦੁਬਾਰਾ ਆਉਣ ਤੋਂ ਵੀ ਗੁਰੇਜ਼ ਕਰਦੇ ਹਨ। ਰਾਤ ਸਮੇਂ ਰਸਤੇ ਤੋਂ ਲੰਘ ਰਹੇ ਇਕ ਰਾਹਗੀਰ ਨੇ ਦੱਸਿਆ ਕਿ ਜਦੋਂ ਕਿਸੇ ਮੰਤਰੀ ਜਾਂ ਵਿਧਾਇਕ ਨੇ ਆਉਣਾ ਹੁੰਦਾ ਹੈ, ਉਦੋਂ ਮਿੱਟੀ ਪਾ ਕੇ ਇਨ੍ਹਾਂ ਖੱਡਿਆਂ ਨੂੰ ਪੂਰ ਦਿੱਤਾ ਜਾਂਦਾ ਹੈ ਉਸ ਤੋਂ ਬਾਅਦ ਇਹੀ ਮਿੱਟੀ ਲੋਕਾਂ ਦੇ ਸਿਰ ਧੂੜ ਪਾਉਂਦੀ ਹੈ।ਸਰਕਾਰਾਂ ਵੱਡੇ-ਵੱਡੇ ਦਾਅਵੇ ਕਰਦੀਆਂ ਹਨ ਕਿ ਉਹ ਸ਼ਹੀਦਾਂ ਦਾ ਸਤਿਕਾਰ ਕਰਦੀਆਂ ਹਨ, ਪਰ ਸ਼ਹੀਦਾਂ ਦੀ ਸਮਾਧ ਤੱਕ ਜਾਣ ਵਾਲੇ ਰਸਤੇ ਦੀ ਦੁਰਵਿਵਸਥਾ ਉਨ੍ਹਾਂ ਦਾਵਿਆਂ ਦੀ ਪੋਲ ਖੋਲ੍ਹ ਰਹੀ ਹੈ। ਉਸ ਨੇ ਕਿਹਾ ਕਿ ਜੇਕਰ ਸਰਕਾਰਾਂ ਸੱਚਮੁੱਚ ਸ਼ਹੀਦਾਂ ਦਾ ਸਨਮਾਨ ਕਰਦੀਆਂ ਹਨ ਤਾਂ ਸਮਾਰਕ ਨੂੰ ਜਾਣ ਵਾਲੇ ਰਸਤਿਆਂ ਦਾ ਸੁੰਦਰੀਕਰਨ ਅਤੇ ਵਿਕਾਸ ਵੀ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ। ਸਥਾਨਕ ਨਿਵਾਸੀ ਮਹਿਲ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਮੰਤਰੀਆਂ ਤੋਂ ਲੈ ਕੇ ਪੰਜਾਬ ਸਰਕਾਰ ਦੇ ਮੰਤਰੀਆਂ ਅਤੇ ਵਿਧਾਇਕਾਂ ਤੱਕ ਕਈ ਵੱਡੇ ਆਗੂ ਇਸ ਰਸਤੇ ਤੋਂ ਲੰਘਦੇ ਹਨ, ਪਰ ਕਿਸੇ ਨੇ ਵੀ ਇਸ ਸਮੱਸਿਆ ਵੱਲ ਗੰਭੀਰ ਧਿਆਨ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ਵੱਡੀਆਂ ਗੱਡੀਆਂ ਵਿੱਚ ਸਫ਼ਰ ਕਰਨ ਵਾਲਿਆਂ ਨੂੰ ਸ਼ਾਇਦ ਇਹ ਖੱਡੇ ਨਜ਼ਰ ਨਹੀਂ ਆਉਂਦੇ, ਪਰ ਆਮ ਲੋਕ ਹਰ ਰੋਜ਼ ਇਨ੍ਹਾਂ ਮੁਸ਼ਕਿਲਾਂ ਦਾ ਸਾਹਮਣਾ ਕਰ ਰਹੇ ਹਨ। ਲੋਕਾਂ ਨੇ ਸਵਾਲ ਉਠਾਇਆ ਕਿ ਜਿੱਥੇ ਕਰੋੜਾਂ ਰੁਪਏ ਦੀ ਲਾਗਤ ਨਾਲ ਪੁੱਲ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਉੱਥੇ ਸੁਰੱਖਿਆ ਲਈ ਲਾਈਟਾਂ, ਰਿਫਲੈਕਟਰ ਅਤੇ ਅਸਥਾਈ ਸੜਕ ਪ੍ਰਬੰਧ ਕਿਉਂ ਨਹੀਂ ਕੀਤੇ ਗਏ। ਇਕ ਪਾਸੇ ਇਹ ਰਸਤਾ ਹੁਸੈਨੀਵਾਲਾ ਸ਼ਹੀਦ ਸਮਾਰਕ ਨੂੰ ਜਾਂਦਾ ਹੈ, ਦੂਜੇ ਪਾਸੇ ਕਿਲੇ ਵਾਲੇ ਚੌਂਕ ਅਤੇ ਸ਼ਹਿਰ ਨਾਲ ਜੁੜਦਾ ਹੈ। ਦਿਨ-ਰਾਤ ਹਜ਼ਾਰਾਂ ਵਾਹਨ ਇਸ ਰਸਤੇ ਤੋਂ ਲੰਘਦੇ ਹਨ, ਪਰ ਸੁਰੱਖਿਆ ਪ੍ਰਬੰਧਾਂ ਦੀ ਘਾਟ ਕਾਰਨ ਹਰ ਸਮੇਂ ਹਾਦਸੇ ਦਾ ਡਰ ਬਣਿਆ ਰਹਿੰਦਾ ਹੈ। ਸਰਬਜੀਤ ਸਿੰਘ ਨੇ ਦੱਸਿਆ ਕਿ ਇਸ ਪੁੱਲ ਦਾ ਮੁੱਖ ਉਦੇਸ਼ ਰੇਲਵੇ ਫਾਟਕ ਦੀ ਸਮੱਸਿਆ ਦਾ ਹੱਲ ਕਰਨਾ ਹੈ। ਕਈ ਵਾਰ ਫਾਟਕ ਬੰਦ ਹੋਣ ਕਾਰਨ ਐਂਬੂਲੈਂਸਾਂ ਅਤੇ ਐਮਰਜੈਂਸੀ ਸੇਵਾਵਾਂ ਨੂੰ ਵੀ ਰੁਕਣਾ ਪੈਂਦਾ ਹੈ।ਜਿਸ ਨਾਲ ਮਰੀਜ਼ਾਂ ਦੀ ਜਾਨ ਨੂੰ ਖਤਰਾ ਪੈਦਾ ਹੋ ਸਕਦਾ ਹੈ। ਸਵੇਰ ਦੇ ਸਮੇਂ ਸਕੂਲੀ ਬੱਚਿਆਂ ਨੂੰ ਵੀ ਫਾਟਕ ਕਾਰਨ ਦੇਰੀ ਦਾ ਸਾਹਮਣਾ ਕਰਨਾ ਪੈਂਦਾ ਹੈ। ਲੋਕਾਂ ਦਾ ਕਹਿਣਾ ਹੈ ਕਿ ਪੁੱਲ ਬਣਨ ਨਾਲ ਨਾ ਸਿਰਫ਼ ਟਰੈਫਿਕ ਸਮੱਸਿਆ ਦਾ ਹੱਲ ਹੋਵੇਗਾ, ਸਗੋਂ ਇਲਾਕੇ ਵਿੱਚ ਵਪਾਰਕ ਗਤੀਵਿਧੀਆਂ ਨੂੰ ਵੀ ਹੁਲਾਰਾ ਮਿਲੇਗਾ। ਉਨ੍ਹਾਂ ਕਿਹਾ ਕਿ ਸਰਹੱਦੀ ਜ਼ਿਲ੍ਹਾ ਫਿਰੋਜ਼ਪੁਰ ਦੇ ਵਿਕਾਸ ਲਈ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨਾ ਬਹੁਤ ਜ਼ਰੂਰੀ ਹੈ। ਸਥਾਨਕ ਵਸਨੀਕਾਂ ਨੇ ਪ੍ਰਸ਼ਾਸਨ ਅਤੇ ਸੰਬੰਧਿਤ ਵਿਭਾਗਾਂ ਤੋਂ ਮੰਗ ਕੀਤੀ ਹੈ ਕਿ ਰਸਤੇ ਤੇ ਪੁੱਲ ਦੇ ਨਿਰਮਾਣ ਕਾਰਜ ਨੂੰ ਜੰਗੀ ਪੱਧਰ ’ਤੇ ਮੁਕੰਮਲ ਕੀਤਾ ਜਾਵੇ। ਇਸ ਦੇ ਨਾਲ-ਨਾਲ ਰਾਤ ਦੇ ਸਮੇਂ ਸੁਰੱਖਿਆ ਲਈ ਲਾਈਟਾਂ, ਰਿਫਲੈਕਟਰ ਅਤੇ ਚੇਤਾਵਨੀ ਬੋਰਡ ਲਗਾਏ ਜਾਣ ਤਾਂ ਜੋ ਕਿਸੇ ਵੱਡੇ ਹਾਦਸੇ ਤੋਂ ਬਚਿਆ ਜਾ ਸਕੇ। ਹੁਣ ਦੇਖਣਾ ਇਹ ਹੋਵੇਗਾ ਕਿ ਪ੍ਰਸ਼ਾਸਨ ਅਤੇ ਠੇਕੇਦਾਰ ਲੋਕਾਂ ਦੀਆਂ ਚਿੰਤਾਵਾਂ ਨੂੰ ਕਿੰਨੀ ਗੰਭੀਰਤਾ ਨਾਲ ਲੈਂਦੇ ਹਨ। ਕੀ ਉਹ ਕਿਸੇ ਹਾਦਸੇ ਦੀ ਉਡੀਕ ਕਰਨਗੇ ਜਾਂ ਫਿਰ ਸਮੇਂ ਸਿਰ ਕਾਰਵਾਈ ਕਰਕੇ ਇਸ ਅਧੂਰੇ ਪੁੱਲ ਨੂੰ ਮੁਕੰਮਲ ਕਰਕੇ ਲੋਕਾਂ ਨੂੰ ਰਾਹਤ ਦੇਣਗੇ। ਇਹ ਆਉਣ ਵਾਲਾ ਸਮਾਂ ਹੀ ਦੱਸੇਗਾ।
ਸ਼ਹੀਦਾਂ ਦੀ ਸਮਾਧ ਨੂੰ ਜਾਂਦੇ ਰਸਤੇ ’ਤੇ ਖਤਰੇ ਦਾ ਸਫ਼ਰ, ਅਧੂਰੇ ਪੁੱਲ ਨੇ ਵਧਾਈ ਲੋਕਾਂ ਦੀ ਪਰੇਸ਼ਾਨੀ
ਅਜੀਤ ਡੈਸਕ
15-06-2026