ਫਿਰੋਜ਼ਪੁਰ, 19 ਜੂਨ (ਸੁਖਵਿੰਦਰ ਸਿੰਘ)–ਫਿਰੋਜ਼ਪੁਰ ਸ਼ਹਿਰ ਵਿਚ ਪੁਰਾਣੀ ਰੰਜਿਸ਼ ਨੂੰ ਲੈ ਕੇ ਇਕ ਵਾਰ ਫਿਰ ਤਣਾਅਪੂਰਨ ਮਾਹੌਲ ਬਣ ਗਿਆ ਹੈ। ਪੀੜਤ ਪੱਖ ਨੇ ਦੋਸ਼ ਲਗਾਇਆ ਹੈ ਕਿ ਚਾਰ ਮਹੀਨਿਆਂ ਤੋਂ ਚੱਲ ਰਹੇ ਵਿਵਾਦ ਵਿਚ ਅਜੇ ਤੱਕ ਕੋਈ ਢੁਕਵੀਂ ਕਾਰਵਾਈ ਨਾ ਹੋਣ ਕਾਰਨ ਦੂਜੇ ਪੱਖ ਦੇ ਹੌਸਲੇ ਬੁਲੰਦ ਹੋ ਗਏ ਹਨ। ਰਾਜਘਾਟ ਰੋਡ ਨਿਵਾਸੀ ਵਿੱਕੀ ਪੁੱਤਰ ਜਗਦੀਸ਼ ਲਾਲ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਮੁਕੱਦਮਾ ਨੰਬਰ 115 ਥਾਣਾ ਸਿਟੀ ਫਿਰੋਜ਼ਪੁਰ ਉਸ ਦੇ ਬਿਆਨਾਂ ‘ਤੇ ਦਰਜ ਹੋਇਆ ਸੀ। ਜਿਸ ਵਿਚ ਕੁਝ ਵਿਅਕਤੀ ਨਾਮਜ਼ਦ ਹਨ। ਉਸ ਦਾ ਕਹਿਣਾ ਹੈ ਕਿ ਮੁਕੱਦਮੇ ਵਿਚ ਦਰਜ ਇਕ ਔਰਤ ਨੂੰ ਬੇਗੁਨਾਹ ਕਰਾਰ ਦਿੱਤੇ ਜਾਣ ਤੋਂ ਬਾਅਦ ਮਾਹੌਲ ਹੋਰ ਤਣਾਅਪੂਰਨ ਹੋ ਗਿਆ ਹੈ। ਸ਼ਿਕਾਇਤ ਮੁਤਾਬਕ, ਦੁਪਹਿਰ ਕਰੀਬ 3 ਵਜੇ ਕੁਝ ਨਾਮਜ਼ਦ ਅਤੇ 8 ਤੋਂ 10 ਅਣਪਛਾਤੇ ਵਿਅਕਤੀ ਕਥਿਤ ਤੌਰ ‘ਤੇ ਹਥਿਆਰਾਂ ਨਾਲ ਲੈਸ ਹੋ ਕੇ ਉਸ ਦੇ ਘਰ ਦੇ ਬਾਹਰ ਇਕੱਠੇ ਹੋ ਗਏ ਅਤੇ ਉੱਚੀ ਆਵਾਜ਼ ਵਿਚ ਲਲਕਾਰੇ ਮਾਰਦੇ ਹੋਏ ਗਾਲੀ-ਗਲੋਚ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਲੱਗੇ। ਇਸ ਦੌਰਾਨ ਘਰ ਵਿੱਚ ਮੌਜੂਦ ਉਸ ਦੀ ਪਤਨੀ, ਮਾਤਾ ਅਤੇ ਬੱਚੇ ਸਹਿਮ ਗਏ ਅਤੇ ਉਨ੍ਹਾਂ ਨੇ ਫ਼ੋਨ ਰਾਹੀਂ ਉਸ ਨੂੰ ਸੂਚਿਤ ਕੀਤਾ। ਵਿੱਕੀ ਨੇ ਦੱਸਿਆ ਕਿ ਉਸ ਨੇ ਆਪਣੇ ਨਾਲ ਕੰਮ ਕਰਦੇ ਸੀਵਰੇਜ ਬੋਰਡ ਦੇ ਕੱਚੇ ਮੁਲਾਜ਼ਮ ਵੀਰੂ ਨੂੰ ਘਰ ਭੇਜਿਆ ਤਾਂ ਕਥਿਤ ਤੌਰ ‘ਤੇ ਉਥੇ ਮੌਜੂਦ ਵਿਅਕਤੀਆਂ ਨੇ ਉਸ ਨਾਲ ਧੱਕਾ-ਮੁੱਕੀ ਅਤੇ ਕੁੱਟਮਾਰ ਕੀਤੀ ਅਤੇ ਧਮਕੀਆਂ ਦੇ ਕੇ ਫ਼ਰਾਰ ਹੋ ਗਏ। ਪੀੜਤ ਪੱਖ ਦਾ ਦਾਅਵਾ ਹੈ ਕਿ ਕੁਝ ਵਿਅਕਤੀ ਪਿਸਤੌਲਾਂ ਸਮੇਤ ਉਸ ਦੇ ਘਰ ਨੇੜੇ ਪਹੁੰਚੇ ਅਤੇ ਦਹਿਸ਼ਤ ਦਾ ਮਾਹੌਲ ਬਣਾਇਆ। ਉਸ ਨੇ ਕਿਹਾ ਕਿ ਜੇਕਰ ਉਹ ਉਸ ਸਮੇਂ ਘਰ ਮੌਜੂਦ ਹੁੰਦਾ ਤਾਂ ਉਸ ਦੀ ਜਾਨ ਨੂੰ ਵੀ ਖ਼ਤਰਾ ਹੋ ਸਕਦਾ ਸੀ। ਵਿੱਕੀ ਨੇ ਪੁਲਿਸ ਕੋਲ ਮੰਗ ਕੀਤੀ ਹੈ ਕਿ ਮਾਮਲੇ ਵਿਚ ਤੁਰੰਤ ਕਾਨੂੰਨੀ ਕਾਰਵਾਈ ਕੀਤੀ ਜਾਵੇ, ਦੋਸ਼ੀਆਂ ਦੀਆਂ ਜ਼ਮਾਨਤਾਂ ਰੱਦ ਕਰਵਾਈਆਂ ਜਾਣ ਅਤੇ ਉਸ ਦੇ ਪਰਿਵਾਰ ਨੂੰ ਸੁਰੱਖਿਆ ਮੁਹੱਈਆ ਕਰਵਾਈ ਜਾਵੇ। ਉਸ ਨੇ ਕਿਹਾ ਕਿ ਜੇਕਰ ਭਵਿੱਖ ਵਿੱਚ ਉਸ, ਉਸ ਦੇ ਪਰਿਵਾਰ ਦੇ ਕਿਸੇ ਮੈਂਬਰ ਜਾਂ ਉਸ ਨਾਲ ਕੰਮ ਕਰਦੇ ਕਿਸੇ ਮੁਲਾਜ਼ਮ ਦਾ ਕੋਈ ਜਾਨੀ ਜਾਂ ਮਾਲੀ ਨੁਕਸਾਨ ਹੁੰਦਾ ਹੈ ਤਾਂ ਇਸ ਲਈ ਸਬੰਧਤ ਦੋਸ਼ੀ ਜ਼ਿੰਮੇਵਾਰ ਹੋਣਗੇ। ਇਸ ਸਬੰਧੀ ਜਦੋਂ ਪੁਲਿਸ ਅਧਿਕਾਰੀ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੂੰ ਦੱਸਿਆ ਕਿ ਤੱਥਾਂ ਦੇ ਆਧਾਰ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ ।